US Capitol breach live updates: ਅਮਰੀਕਾ ਵਿੱਚ ਬੇਸ਼ੱਕ ਰਾਸ਼ਟਰਪਤੀ ਚੋਣਾਂ ਖ਼ਤਮ ਹੋ ਗਈਆਂ ਹਨ, ਪਰ ਸੱਤਾ ਦੇ ਤਬਾਦਲੇ ਨੂੰ ਲੈ ਕੇ ਅਜੇ ਤੱਕ ਲੜਾਈ ਜਾਰੀ ਹੈ। ਚੋਣ ਨਤੀਜਿਆਂ ਨੂੰ ਲੈ ਕੇ ਅਮਰੀਕਾ ਵਿੱਚ ਅਜਿਹਾ ਹੰਗਾਮਾ ਹੋਇਆ ਕਿ ਬੁੱਧਵਾਰ ਰਾਤ ਨੂੰ ਹਿੰਸਕ ਝੜਪ ਵਿੱਚ ਬਦਲ ਗਿਆ । ਚੋਣ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਲਈ ਬੈਠਕ ਦੌਰਾਨ ਡੋਨਾਲਡ ਟਰੰਪ ਦੇ ਭਾਸ਼ਣ ਤੋਂ ਬਾਅਦ ਅਮਰੀਕਾ ਵਿੱਚ ਕੈਪੀਟੋਲ ਕੈਂਪਸ ਦੇ ਬਾਹਰ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪ ਹੋਈ, ਜਿਸ ਤੋਂ ਬਾਅਦ ਕੈਂਪਸ ਨੂੰ ਲਾਕਡਾਊਨ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਦੌਰਾਨ ਇੱਕ ਮਹਿਲਾ ਨੂੰ ਵੀ ਗੋਲੀ ਲੱਗੀ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ । ਇੱਥੇ, ਜੋ ਬਾਇਡੇਨ ਨੇ ਕੈਪੀਟੋਲ ਬਿਲਡਿੰਗ ‘ਤੇ ਹੋਏ ਹੰਗਾਮੇ ਨੂੰ ਰਾਜਧ੍ਰੋਹ ਕਰਾਰ ਦਿੱਤਾ ਹੈ।
ਝੜਪ ਦੇ ਮੱਦੇਨਜ਼ਰ ਡੋਨਾਲਡ ਟਰੰਪ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ ਅਤੇ ਆਪਣੇ ਸਮਰਥਕਾਂ ਨੂੰ ਘਰ ਜਾਣ ਲਈ ਕਿਹਾ ਹੈ । ਟਰੰਪ ਨੇ ਸੰਸਦ ਦੇ ਸਾਂਝੇ ਇਜਲਾਸ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਕਿਹਾ ਕਿ ਉਹ ਚੋਣਾਂ ਵਿੱਚ ਹਾਰ ਨੂੰ ਸਵੀਕਾਰ ਨਹੀਂ ਕਰਨਗੇ । ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਵਿੱਚ ਗੜਬੜੀ ਹੋਈ ਹੈ ਅਤੇ ਇਹ ਗੜਬੜੀ ਉਨ੍ਹਾਂ ਦੇ ਡੈਮੋਕਰੇਟਿਕ ਵਿਰੋਧੀ ਜੋ ਬਾਇਡੇਨ ਲਈ ਕੀਤੀ ਗਈ, ਜੋ ਨਵੇਂ ਚੁਣੇ ਗਏ ਰਾਸ਼ਟਰਪਤੀ ਹਨ । ਟਰੰਪ ਨੇ ਵਾਸ਼ਿੰਗਟਨ ਡੀਸੀ ਵਿਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਹਾਨੂੰ ਆਪਣੀ ਹਾਰ ਸਵੀਕਾਰ ਨਹੀਂ ਕਰਨੀ ਚਾਹੀਦੀ । ਟਰੰਪ ਨੇ ਇੱਕ ਘੰਟੇ ਤੋਂ ਵੱਧ ਦੇ ਆਪਣੇ ਭਾਸ਼ਣ ਵਿੱਚ ਦਾਅਵਾ ਕੀਤਾ ਕਿ ਉਸ ਨੇ ਇਸ ਚੋਣ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਉੱਥੇ ਹੀ ਦੂਜੇ ਪਾਸੇ ਇਸ ਘਟਨਾ ‘ਤੇ ਜੋ ਬਾਇਡੇਨ ਨੇ ਕਿਹਾ, “ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕਰਦਾ ਹਾਂ ਕਿ ਟੀਵੀ ‘ਤੇ ਲਾਈਵ ਆਓ ਅਤੇ ਆਪਣੇ ਸਹੁੰ ਨੂੰ ਪੂਰਾ ਕਰੋ, ਸੰਵਿਧਾਨ ਦੀ ਰੱਖਿਆ ਕਰੋ ਅਤੇ ਇਸ ਘੇਰਾਬੰਦੀ ਨੂੰ ਖ਼ਤਮ ਕਰਨ ਦੀ ਮੰਗ ਕਰਨ ।” ਨਾਲ ਹੀ, ਜੋ ਬਾਇਡੇਨ ਨੇ ਇਸ ਨੂੰ ਰਾਜਧ੍ਰੋਹ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਝੜਪ ਤੋਂ ਬਾਅਦ ਵਾਸ਼ਿੰਗਟਨ ਡੀਸੀ ਵਿੱਚ ਕਰਫਿਊ ਲਗਾਇਆ ਗਿਆ ਹੈ ਅਤੇ ਕੈਪੀਟੋਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਜਦੋਂ ਜੋ ਬਾਇਡੇਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਲਈ ਸੰਸਦ ਦੇ ਸਾਂਝੇ ਸੈਸ਼ਨ ਲਈ ਕੈਪੀਟਲ ਦੇ ਅੰਦਰ ਬੈਠੇ ਸਨ, ਤਾਂ ਅਮਰੀਕਾ ਦੀ ਕੈਪੀਟੋਲ ਪੁਲਿਸ ਨੇ ਇਸਦੇ ਅੰਦਰ ਸੁਰੱਖਿਆ ਦੀ ਉਲੰਘਣਾ ਦਾ ਐਲਾਨ ਕੀਤਾ । ਟਰੰਪ ਦੇ ਸਮਰਥਕ ਕੈਪੀਟੋਲ ਬਿਲਡਿੰਗ ਵਿੱਚ ਦਾਖਲ ਹੋ ਗਏ ਤੇ ਹੰਗਾਮਾ ਕਰਨ ਲੱਗੇ । ਇਸ ਦੇ ਚੱਲਦਿਆਂ ਕਾਂਗਰਸ ਨੂੰ ਆਪਣੀ ਕਾਰਵਾਈ ਮੁਲਤਵੀ ਕਰਨੀ ਪਈ । ਕੈਪੀਟੋਲ ਦੇ ਬਾਹਰ ਪੁਲਿਸ ਅਤੇ ਟਰੰਪ ਦੇ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ । ਪ੍ਰਦਰਸ਼ਨਕਾਰੀਆਂ ਨੇ ਕੈਪੀਟੋਲ ਦੀਆਂ ਪੌੜੀਆਂ ਦੇ ਹੇਠਾਂ ਬੈਰੀਕੇਡ ਤੋੜ ਦਿੱਤੇ । ਕੈਪੀਟੋਲ ਪੁਲਿਸ ਨੇ ਦੱਸਿਆ ਕਿ ਉਸ ਖੇਤਰ ਵਿੱਚ ਇੱਕ ਸ਼ੱਕੀ ਪੈਕਟ ਵੀ ਮਿਲਿਆ ਹੈ । ਪੁਲਿਸ ਨੂੰ ਭੀੜ ‘ਤੇ ਕਾਬੂ ਕਰਨ ਅਤੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗਣੇ ਪਏ।
ਇਹ ਵੀ ਦੇਖੋ: ਟ੍ਰੈਕਟਰ ਰੈਲੀ ਲਈ ਹੋ ਜਾਓ ਤਿਆਰ, ਜੇ ਖ਼ਰਾਬੀ ਪਈ ਤਾਂ ਮੁਫ਼ਤ ਹੋਵੇਗੀ ਰਿਪੇਅਰ