US supporting India move: 118 ਮੋਬਾਇਲ ਐਪਸ ‘ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਕਦਮ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਅਮਰੀਕਾ ਨੇ ਬੁੱਧਵਾਰ ਨੂੰ ਸਾਰੇ ਦੇਸ਼ਾਂ ਅਤੇ ਕੰਪਨੀਆਂ ਨੂੰ “ਕਲੀਨ ਨੈਟਵਰਕ” ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ । ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਯੂਐੱਸ ਅੰਡਰ ਸੇਕ੍ਰੇਟਰੀ ਆਫ਼ ਸਟੇਟ ਫਾਰ ਇਕੋਨੋਮਿਕ ਗ੍ਰੋਥ, ਐਨਰਜੀ ਐਂਡ ਦ ਐਨਵਾਇਰਨਮੈਂਟ ਦੇ ਕੀਥ ਕ੍ਰੈਚ ਦਾ ਹਵਾਲਾ ਦਿੰਦੇ ਹੋਏ ਕਿਹਾ, “ਭਾਰਤ ਨੇ ਪਹਿਲਾਂ ਹੀ 100 ਤੋਂ ਵੱਧ ਚੀਨੀ ਐਪਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਸੀਂ ਸਾਰੇ ਸੁਤੰਤਰਤਾ-ਪ੍ਰੇਮੀ ਰਾਸ਼ਟਰਾਂ ਅਤੇ ਕੰਪਨੀਆਂ ਤੋਂ ਕਲੀਨ ਨੈੱਟਵਰਕ ਵਿੱਚ ਸ਼ਾਮਿਲ ਦੀ ਅਪੀਲ ਕਰਦੇ ਹਾਂ।’
ਕ੍ਰੈਚ ਦੀ ਟਿੱਪਣੀ ਭਾਰਤ ਸਰਕਾਰ ਵੱਲੋਂ 118 ਹੋਰ ਮੋਬਾਇਲ ਐਪਸ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਆਈ ਹੈ । ਸਰਕਾਰ ਨੇ ਕਿਹਾ ਹੈ ਕਿ ਇਹ ਉਹ ਐਪ ਹਨ ਜੋ ਅਜਿਹੀਆਂ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰੱਖਿਆ ਅਤੇ ਸੁਰੱਖਿਆ ਦੇ ਨਾਲ-ਨਾਲ ਜਨਤਕ ਵਿਵਸਥਾ ਦੇ ਪੱਖਪਾਤ ਹਨ । ਇਸ ਸਾਲ ਦੀ ਸ਼ੁਰੂਆਤ ਵਿੱਚ ਟਰੰਪ ਪ੍ਰਸ਼ਾਸਨ ਨੇ ‘ਕਲੀਨ ਨੈਟਵਰਕ’ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜੋ ਕਿ ਚੀਨੀ ਕਮਿਊਨਿਸਟ ਵਰਗੇ ਘਾਤਕ ਸੰਗਠਨਾਂ ਦੇ ਹਮਲਾਵਰ ਘੁਸਪੈਠ ਤੋਂ ਆਪਣੇ ਨਾਗਰਿਕਾਂ ਦੀ ਨਿੱਜਤਾ ਅਤੇ ਉਸ ਦੀਆਂ ਕੰਪਨੀਆਂ ਦੀ ਸਭ ਤੋਂ ਸੰਵੇਦਨਸ਼ੀਲ ਜਾਣਕਾਰੀ ਦੀ ਰੱਖਿਆ ਕਰਨ ਲਈ ਇੱਕ ਵਿਆਪਕ ਪਹਿਲ ਸੀ। ਲਗਭਗ ਦੋ ਮਹੀਨੇ ਪਹਿਲਾਂ ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਸਰਹੱਦੀ ਤਣਾਅ ਦੇ ਵਿਚਕਾਰ ਭਾਰਤ ਨੇ ਚੀਨ ਨਾਲ ਜੁੜੇ 59 ਐਪਸ ‘ਤੇ ਪਾਬੰਦੀ ਲਗਾਈ ਸੀ।
ਦੱਸ ਦੇਈਏ ਕਿ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਬੁੱਧਵਾਰ ਨੂੰ 118 ‘ਤੇ ਪਾਬੰਦੀ ਲਗਾ ਦਿੱਤੀ, ਜਿਸ ਵਿੱਚ ਮੋਬਾਇਲ ਗੇਮ PubG ਵੀ ਸ਼ਾਮਿਲ ਹੈ। ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਭਾਰੀ ਤਣਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਪਿਛਲੇ ਕਈ ਮਹੀਨਿਆਂ ਤੋਂ ਐਲਏਸੀ ‘ਤੇ ਅੜੀ ਹੋਈ ਹੈ ਅਤੇ ਉਹ ਭਾਰਤੀ ਸਰਹੱਦ ਦੇ ਨਾਲ ਲੱਦਾਖ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।