YouTube Suspends Donald Trump Indefinitely: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਯੂਟਿਊਬ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਕਿਹਾ ਕਿ ਇਹ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਗਿਓਲਿਆਨੀ ਨੂੰ ਵੀ ਆਪਣੇ ਕਲਿਪ ਦਾ ਮਾਨੇਟਾਈਜੇਸ਼ਨ ਕਰਨ ਤੋਂ ਰੋਕ ਦੇਵੇਗਾ । ਲਗਭਗ ਇੱਕ ਹਫਤੇ ਬਾਅਦ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਨੇ ਇਸ ਗੱਲ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਟਰੰਪ ਦੇ ਚੈਨਲ ‘ਤੇ ਪਾਬੰਦੀ ਨੂੰ ਵਧਾ ਰਹੇ ਹਨ।
ਦਰਅਸਲ, ਟਰੰਪ ਦੇ ਚੈਨਲ ਦੇ 30 ਲੱਖ ਦੇ ਕਰੀਬ ਸਬਸਕਰਾਈਬਰਸ ਹਨ । ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ 6 ਜਨਵਰੀ ਨੂੰ ਹੋਏ ਕੈਪੀਟਲ ਹਿੱਲ ਦੰਗਿਆਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕੁਝ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ ਪਹਿਲਾਂ ਹੀ ਟਰੰਪ ਦੇ ਅਕਾਊਂਟਸ ‘ਤੇ ਪਾਬੰਦੀ ਲੱਗਾ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਯੂਟਿਊਬ ਨੇ ਵੀ ਆਪਣੀ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਗੂਗਲ ਦੀ ਮਲਕੀਅਤ ਵਾਲੀ ਸੰਸਥਾ ਯੂਟਿਊਬ ਦੇ ਵਾਸ਼ਿੰਗਟਨ ਵਿੱਚ ਹੋਈ ਹਿੰਸਾ ਤੋਂ ਬਾਅਦ ਹੌਲੀ ਪ੍ਰਤੀਕਿਰਿਆ ਅਤੇ ਦੰਗਿਆਂ ਨੂੰ ਭੜਕਾਉਣ ਵਾਲੀਆਂ ਵੀਡੀਓਜ਼ ਰਾਹੀਂ ਪ੍ਰਸਾਰ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਸਬੰਧੀ ਯੂਟਿਊਬ ਦੇ ਬੁਲਾਰੇ ਨੇ ਅਮਰੀਕੀ ਰਾਜਨੀਤੀ ਖਬਰਾਂ ਦੀ ਸੰਸਥਾ ਪਾਲਿਟਿਕੋ ਦੇ ਹਵਾਲੇ ਤੋਂ ਦੱਸਿਆ ਕਿ ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ, ਡੋਨਾਲਡ ਟਰੰਪ ਦਾ ਚੈਨਲ ਮੁਅੱਤਲ ਰਹੇਗਾ । ਇਸ ਤੋਂ ਇਲਾਵਾ ਕੰਪਨੀ ਨੇ ਵੱਖ ਤੋਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਦੇ ਅਕਾਊਂਟ ਨੂੰ ਭਾਗੀਦਾਰ ਪ੍ਰੋਗਰਾਮ ਤੋਂ ਰੋਕ ਦਿੱਤਾ ਜਾਵੇਗਾ। ਅਮਰੀਕੀ ਚੋਣਾਂ ਦੇ ਬਾਰੇ ਗੁੰਮਰਾਹਕੁੰਨ ਜਾਣਕਾਰੀ ਪੋਸਟ ਕਰਨ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਹ ਫੈਸਲਾ ਕੰਪਨੀ ਦੀ ਨੀਤੀ ਦਾ ਵਾਰ-ਵਾਰ ਉਲੰਘਣ ਕਰਨ ਤੋਂ ਬਾਅਦ ਲਿਆ ਗਿਆ ਹੈ।
ਇਹ ਵੀ ਦੇਖੋ: ਲਾਲ ਕਿਲ੍ਹੇ ਦੀ ਘਟਨਾ ‘ਤੇ ਭੜਕੇ ਲੋਕ, ਤਿਰੰਗੇ ਦਾ ਅਪਮਾਨ ਕਹੀ ਕੇ ਦੇਖੋ ਕਿਸ ਨੂੰ ਪਾ ਰਹੇ ਲਾਹਣਤਾਂ…