ਜਲੰਧਰ ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਵਿੱਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਕਮਿਸ਼ਨਰੇਟ ਥਾਣਾ ਡਿਵੀਜ਼ਨ ਨੰਬਰ 2 ਦੇ ਖੇਤਰ ਗੋਪਾਲ ਨਗਰ ਦੇ ਕੋਲ ਸਥਿਤ ਦਾਣਾ ਮੰਡੀ ਦੇ ਗੇਟ ਨੰਬਰ ਇੱਕ ਤੋਂ ਇੱਕ ਲਾਸ਼ ਮਿਲੀ ਸੀ। ਮ੍ਰਿਤਕ ਦੀ ਪਛਾਣ ਸਰਜੂ ਕੁਮਾਰ ਉਰਫ ਕਾਲਾ ਵਾਸੀ ਮਕਾਨ ਨੰਬਰ ਬੀ-4/69 ਮੁਹੱਲਾ ਪਰਵਤ ਨਗਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਗਿਆਨ ਅਤੇ ਤਕਨੀਕ ਦੇ ਆਧਾਰ ‘ਤੇ ਸ਼ੁਰੂ ਕਰ ਦਿੱਤੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰਨ ਭਾਟੀਆ ਉਰਫ਼ ਰਿੱਕੀ ਵਾਸੀ ਬੀਐਚ 1-695 ਰਾਮ ਨਗਰ ਜਲੰਧਰ ਮ੍ਰਿਤਕ ਦਾ ਦੋਸਤ ਹੈ। ਕਰਨ ਪੇਸ਼ੇ ਤੋਂ ਆਟੋ ਡਰਾਈਵਰ ਹੈ। ਬੀਤੀ ਰਾਤ ਦੋਵੇਂ ਦੋਸਤਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਟਕਰਾਅ ਵਧ ਗਿਆ ਅਤੇ ਭਿਆਨਕ ਰੂਪ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਕਰਨ ਨੂੰ ਕੁਝ ਭੜਕਾਊ ਸ਼ਬਦ ਕਹੇ ਸਨ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਕਰਨ ਨੇ ਸਰਜੂ ਦੇ ਸਿਰ ਨੂੰ ਸੀਮਿੰਟ ਦੀ ਭਾਰੀ ਸਲੈਬ ਨਾਲ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ ਥਾਣਾ ਡਵੀਜ਼ਨ ਨੰਬਰ 2 ਜਲੰਧਰ ਵਿਖੇ ਧਾਰਾ 302 ਆਈ.ਪੀ.ਸੀ ਤਹਿਤ ਮੁਕੱਦਮਾ ਨੰਬਰ 07 ਮਿਤੀ 13-01-2024 ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਹਸਪਤਾਲ ਦੇ ਰਿਹਾਇਸ਼ੀ ਕੁਆਰਟਰ ‘ਚ ਅੱਧੀ ਰਾਤ ਨੂੰ ਵਾਪਰਿਆ ਭਾਣਾ, ਹੋਸ਼ ਉਡਾ ਦੇਵੇਗਾ ਮਾਮਲਾ
ਦੱਸ ਦਈਏ ਕਿ ਅੱਜ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ 2 ਦੇ ਗੋਪਾਲ ਨਗਰ ਇਲਾਕੇ ਦੇ ਨਜ਼ਦੀਕ ਸਥਿਤ ਦਾਣਾ ਮੰਡੀ ਤੋਂ ਪੁਲਿਸ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ। ਉਸ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਇੱਥੇ ਸੁੱਟ ਦਿੱਤੀ ਗਈ।