ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਵੀਆਈਪੀ ਸੁਰੱਖਿਆ ‘ਤੇ ਕੈਂਚੀ ਫੇਰਨ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਦੇ ਹੁਕਮਾਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸੁਰੱਖਿਆ ਵਿੱਚ ਹਥਿਆਰਬੰਦ ਸਿੰਘਾਂ ਦਾ ਦਸਤਾ ਤਾਇਨਾਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਸਣੇ 424 ਲੋਕਾਂ ਦੀ ਸੁਰੱਖਿਆ ਜਾਂ ਤਾਂ ਘਟਾ ਦਿੱਤੀ ਗਈ ਜਾਂ ਵਾਪਸ ਲੈ ਲਈ ਗਈ ਹੈ। ਹਾਲਾਂਕਿ ਮਾਨ ਸਰਕਾਰ ਨੇ ਜਥੇਦਾਰ ਸਾਹਿਬ ਦੀ ਸੁਰੱਖਿਆ ਨੂੰ ਬਹਾਲ ਕਰ ਦਿੱਤਾ ਸੀ ਪਰ ਉਨ੍ਹਾਂ ਨੇ ਸਰਕਾਰ ਤੋਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ।
ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ‘ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕੁੱਲ 5 ਸੁਰੱਖਿਆ ਗਾਰਡ ਸਨ ਜਿਨ੍ਹਾਂ ਵਿਚੋਂ 2 ਸੂਬਾ ਸਰਕਾਰ ਨੇ ਵਾਪਸ ਲੈ ਲਏ ਹਨ ਤੇ ਬਾਕੀ ਦੇ ਜੋ 3 ਸੁਰੱਖਿਆ ਗਾਰਡ ਮੇਰੇ ਕੋਲ ਹਨ, ਮੈਂ ਵਾਪਸ ਕਰ ਰਿਹਾ ਹਾਂ।’
ਉਨ੍ਹਾਂ ਕਿਹਾ ਕਿ ‘ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਉਨ੍ਹਾਂ ਕਿਹਾ ਕਿ ਖਾਲਸਾ ਪੰਥ, ਸਾਡੇ ਸਿੱਖ ਨੌਜਵਾਨ ਸਕਿਓਰਿਟੀ ਲਈ ਕਾਫੀ ਹਨ। ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੁਰੱਖਿਆ ਨਹੀਂ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -: