ਯੂਕਰੇਨ ‘ਤੇ ਰੂਸੀ ਹਮਲੇ ਦਾ ਅੱਜ ਤੀਜਾ ਦਿਨ ਹੈ ਪਰ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਰੂਸ ਸਾਹਮਣੇ ਗੋਡੇ ਨਹੀਂ ਟੇਕੇ ਹਨ। ਉਨ੍ਹਾਂ ਵੀਡੀਓ ਵਿੱਚ ਕਿਹਾ ਹੈ ਕਿ ਉਹ ਆਪਣੇ ਦੇਸ਼ ਦੀ ਰੱਖਿਆ ਕਰਨਗੇ ਤੇ ਕਿਤੇ ਨਹੀਂ ਜਾਣਗੇ। ਜੇਲੇਂਸਕੀ ਦਾ ਕਹਿਣਾ ਹੈ ਕਿ ਉਹ ਆਖਰੀ ਸਾਹ ਤੱਕ ਮੁਕਾਬਲਾ ਕਰਨਗੇ, ਉਹ ਹਾਰ ਮੰਨਣ ਲਈ ਤਿਆਰ ਨਹੀਂ ਹਨ।
ਭਿਆਨਕ ਜੰਗ ਵਿਚਾਲੇ ਰਾਸ਼ਟਰਪਤੀ ਜੇਲੇਂਸਕੀ ਹੁਣ ਵੀ ਆਪਣੇ ਨਾਗਰਿਕਾਂ ਨਾਲ ਡਟੇ ਹੋਏ ਹਨ ਤੇ ਉਨ੍ਹਾਂ ਸਾਫ ਕਿਹਾ ਹੈ ਕਿ ਮੈਂ ਕਿਸੇ ਵੀ ਹਾਲ ਵਿੱਚ ਭੱਜਾਂਗਾ ਨਹੀਂ। ਉਨ੍ਹਾਂ ਦਾ ਹੌਂਸਲਾ, ਰਵੱਈਆ ਇਸ ਵੇਲੇ ਮੁਸ਼ਕਲ ਘੜੀ ਵਿੱਚ ਦੇਸ਼ਵਾਸੀਆਂ ਵਿੱਚ ਹਿੰਮਤ ਦਾ ਜਜ਼ਬਾ ਭਰ ਰਹੀ ਹੈ। ਉਹ ਲਾਗਾਤਾਰ ਆਪਣੇ ਦੇਸ਼ ਵਾਸੀਆਂ ਲਈ ਵੀਡੀਓ ਸੰਦੇਸ਼ ਜਾਰੀ ਕਰ ਰਹੇ ਹਨ। 11 ਸਾਲਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਦੁਨੀਆ ਦੀ ਇੱਕ ਮਹਾਸ਼ਕਤੀ ਨਾਲ ਟੱਕਰ ਰਹੇ ਹਨ।
ਅਜਿਹੇ ‘ਚ ਇੰਨੀ ਮਜ਼ਬੂਤ ਇੱਛਾ ਸ਼ਕਤੀ ਨਾਲ ਅਗਵਾਈ ਕਰ ਰਹੇ ਜੇਲੇਂਸਕੀ ਬਾਰੇ ਜਾਣਨ ਵਿੱਚ ਵੀ ਦਿਲਚਸਪੀ ਪੈਦਾ ਹੁੰਦੀ ਹੈ ਕਿ ਅਖੀਰ ਉਨ੍ਹਾਂ ਦਾ ਪਿਛੋਕੜ ਕੀ ਰਿਹਾ ਹੈ। ਇਥੇ ਤੁਹਾਨੂੰ ਉਨ੍ਹਾਂ ਦੇ ਪਿਛੋਕੜ, ਨਿੱਜੀ ਜ਼ਿੰਦਗੀ ਤੇ ਕਿਸ ਤਰ੍ਹਾਂ ਉਹ ਇੱਕ ਦੇਸ਼ ਦੇ ਰਾਸ਼ਟਰਪਤੀ ਬਣੇ ਇਸ ਬਾਰੇ ਦੱਸ ਰਹੇ ਹਾਂ-
ਲਾਅ ‘ਚ ਗ੍ਰੈਜੂਏਟ
ਵੋਲੋਦਿਮਿਰ ਜੇਲੇਂਸਕੀ ਯਹੂਦੀ ਧਰਮ ਨਾਲ ਸਬੰਧਤ ਹੈ, ਉਨ੍ਹਾਂ ਦਾ ਜਨਮ 25 ਜਨਵਰੀ, 1978 ਨੂੰ ਯੂਕਰੇਨ ਵਿੱਚ ਹੋਇਆ ਸੀ। ਪਿਤਾ ਅਲੈਗਜ਼ੈਂਡਰ ਜ਼ੇਲੇਂਸਕੀ ਇੱਕ ਪ੍ਰੋਫੈਸਰ ਸਨ ਅਤੇ ਮਾਂ ਰਾਇਮਾ ਜ਼ੇਲੇਂਸਕੀ ਇੱਕ ਇੰਜੀਨੀਅਰ ਸੀ। ਮੁਢਲੀ ਪੜ੍ਹਾਈ ਤੋਂ ਬਾਅਦ ਵੋਲੋਦਿਮਿਰ ਜ਼ੇਲੇਂਸਕੀ ਨੂੰ ਇਜ਼ਰਾਈਲ ਵਿੱਚ ਪੜ੍ਹਨ ਲਈ ਸਕਾਲਰਸ਼ਿਪ ਮਿਲੀ, ਪਰ ਆਪਣੇ ਪਿਤਾ ਦੀ ਆਗਿਆ ਮੁਤਾਬਕ ਉਨ੍ਹਾਂ ਨੇ ਯੂਕਰੇਨ ਦੇ ਕੀਵ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਸਾਲ 2000 ਵਿੱਚ ਕੀਵ ਨੈਸ਼ਨਲ ਇਕਨਾਮਿਕ ਯੂਨੀਵਰਸਿਟੀ ਤੋਂ ਲਾਅ ਵਿੱਚ ਗ੍ਰੈਜੂਏਸ਼ਨ ਕੀਤੀ।
ਕਾਮੇਡੀ ਦਾ ਸ਼ੌਕੀਨ
ਇੱਕ ਸਮਾਂ ਸੀ ਜਦੋਂ ਵੋਲੋਦਿਮਿਰ ਆਪਣੀ ਕਾਮੇਡੀ ਲਈ ਜਾਣੇ ਜਾਂਦੇ ਹੈ। ਇਸ ਦੀ ਸ਼ੁਰੂਆਤ ਪੜ੍ਹਾਈ ਦੌਰਾਨ ਹੋਈ। 1997 ਵਿੱਚ ਉਨ੍ਹਾਂ ਨੇ ਕੁਝ ਕਲਾਕਾਰਾਂ ਦੇ ਨਾਲ, ‘ਕੁਆਰਟਲ 95’ ਨਾਂ ਦਾ ਇੱਕ ਕਾਮੇਡੀ ਗਰੁੱਪ ਬਣਾਇਆ। ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਬਹੁਤ ਪਸੰਦ ਕੀਤਾ। ਨਤੀਜੇ ਵਜੋਂ 2003 ਵਿੱਚ ਉਨ੍ਹਾਂ ਨੇ ਆਪਣੇ ਖੁਦ ਦੇ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਹੀ ਇੱਕ ਸ਼ੋਅ ਤੋਂ ਪ੍ਰੇਰਿਤ ਹੋ ਕੇ ਸਿਆਸਤ ਵਿੱਚ ਆਉਣ ਬਾਰੇ ਸੋਚਿਆ। ਇਸ ਤਰ੍ਹਾਂ ਸਿਆਸਤ ਵੱਲ ਝੁਕਾਅ ਪੈਦਾ ਹੋ ਗਿਆ।
ਦਰਅਸਲ ਉਨ੍ਹਾਂ ਨੇ 2015 ਵਿੱਚ ‘ਸਰਵੈਂਟ ਆਫ਼ ਦਾ ਪੀਪਲ ਸ਼ੋਅ’ ਕੀਤਾ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਿਆ। ਇਸ ਸ਼ੋਅ ‘ਚ ਉਹ ਇਕ ਅਧਿਆਪਕ ਦੀ ਭੂਮਿਕਾ ‘ਚ ਸੀ, ਜਿਸ ‘ਚ ਇਸ ਕਿਰਦਾਰ ਨੂੰ ਇਕ ਸਵੇਰ ਪਤਾ ਲੱਗਦਾ ਹੈ ਕਿ ਉਹ 60 ਫੀਸਦੀ ਤੋਂ ਜ਼ਿਆਦਾ ਵੋਟਾਂ ਨਾਲ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਇਸ ਸ਼ੋਅ ‘ਚ ਅਧਿਆਪਕ ਭ੍ਰਿਸ਼ਟਾਚਾਰ ‘ਤੇ ਭਾਸ਼ਣ ਦੇ ਕੇ ਰਾਸ਼ਟਰਪਤੀ ਬਣ ਗਿਆ। ਅਸਲ ਜ਼ਿੰਦਗੀ ਵਿੱਚ ਵੀ ਜ਼ੇਲੇਂਸਕੀ ਨੇ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੀ ਕਸਮ ਖਾ ਕੇ ਰਾਸ਼ਟਰਪਤੀ ਦੀ ਕੁਰਸੀ ਹਾਸਲ ਕੀਤੀ।
73 ਫੀਸਦੀ ਵੋਟਾਂ ਹਾਸਿਲ ਕਰਕੇ ਰਾਸ਼ਟਰਪਤੀ ਬਣੇ
2018 ਵਿੱਚ ਵੋਲੋਦਿਮਿਰ ਨੇ ਰਾਜਨੀਤੀ ਵਿੱਚ ਕਦਮ ਰੱਖਿਆ। ਉਸ ਨੇ ‘ਸਰਵੈਂਟ ਆਫ਼ ਦੀ ਪੀਪਲ ਪਾਰਟੀ’ ਬਣਾਈ। ਇਸ ਪਾਰਟੀ ਵੱਲੋਂ ਹੀ ਉਨ੍ਹਾਂ ਪ੍ਰਧਾਨ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਚੋਣਾਂ ਵਿੱਚ 73 ਫੀਸਦੀ ਵੋਟਾਂ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਦੇਸ਼ ਦੇ ਰਾਸ਼ਟਰਪਤੀ ਬਣੇ।
2003 ਵਿੱਚ ਸਕ੍ਰੀਨ ਰਾਈਟਰ ਓਲੇਨਾ ਨਾਲ ਵਿਆਹ ਹੋਇਆ:
ਵੋਲੋਦਿਮਿਰ ਨੇ 2003 ਵਿੱਚ ਓਲੇਨਾ ਵੋਲੋਡੀਮਰੀਵਨਾ ਜ਼ੇਲੇਂਸਕਾ ਨਾਲ ਵਿਆਹ ਕੀਤਾ। ਓਲੇਨਾ ਪੇਸ਼ੇ ਤੋਂ ਇੱਕ ਆਰਕੀਟੈਕਟ ਅਤੇ ਸਕ੍ਰੀਨ ਰਾਈਟਰ ਹੈ, ਪਰ ਉਹ ਲੋਕਾਂ ਦੀ ਮਦਦ ਕਰਨ ਅਤੇ ਸਮਾਜਿਕ ਕੰਮ ਕਰਨ ਲਈ ਵੀ ਜਾਣੀ ਜਾਂਦੀ ਹੈ। ਕੋਰੋਨਾ ਮਹਾਮਾਰੀ ਦੌਰਾਨ ਓਲੇਨਾ ਦੁਆਰਾ ਕੀਤੇ ਗਏ ਕੰਮ ਦੀ ਬਹੁਤ ਸ਼ਲਾਘਾ ਕੀਤੀ ਗਈ। ਓਲੇਨਾ ਕੀਵ ਨੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥੀ ਰਹੀ ਹੈ ਅਤੇ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
ਵੋਲੋਡੀਮਿਰ ਦੋ ਬੱਚਿਆਂ ਦਾ ਪਿਤਾ ਹਨ
ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਂਸਕੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਦੇ ਦੋ ਬੱਚੇ ਹਨ। ਇੱਕ ਪੁੱਤਰ ਤੇ ਇੱਕ ਧੀ। ਬੇਟੇ ਦਾ ਨਾਂ ਕਿਰੀਲੋ ਅਤੇ ਬੇਟੀ ਦਾ ਨਾਂ ਅਲੈਗਜ਼ੈਂਡਰਾ ਹੈ। ਵੋਲੋਦਿਮਿਰ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਅਕਸਰ ਇੰਸਟਾਗ੍ਰਾਮ ‘ਤੇ ਪਰਿਵਾਰਕ ਫੋਟੋਆਂ ਸਾਂਝੀਆਂ ਕਰਦੇ ਹਨ। ਮੌਜੂਦਾ ਹਾਲਾਤਾਂ ਦੇ ਵਿਚਕਾਰ, ਵੋਲੋਦਿਮੀਰ ਨੂੰ ਡਰ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਤੋਂ ਬਾਅਦ ਸਤਾਇਆ ਜਾਵੇਗਾ। ਉਨ੍ਹਾਂ ਨੇ ਆਪਣੇ ਹਾਲੀਆ ਵੀਡੀਓ ਵਿੱਚ ਵੀ ਇਹੀ ਗੱਲ ਸਾਂਝੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: