ਸ਼ਰਾਬ ਘੁਟਾਲੇ ਮਾਮਲੇ ‘ਚ ਅੰਤਰਿਮ ਜ਼ਮਾਨਤ ‘ਤੇ ਚੱਲ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਰਾਹਤ ਦੇ ਦਿਨ ਖਤਮ ਹੋਣ ਵਾਲੇ ਹਨ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਉਸ ਨੂੰ 2 ਜੂਨ, 2024 ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਅੱਗੇ ਆਤਮ ਸਮਰਪਣ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੀਐਮ ਕੇਜਰੀਵਾਲ ਨੇ ਜਨਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ। ਮੈਨੂੰ ਇਸ ‘ਤੇ ਮਾਣ ਹੈ। ਸੀਐਮ ਕੇਜਰੀਵਾਲ ਨੇ ਕਿਹਾ, ‘ਬੇਸ਼ੱਕ, ਮੈਂ ਤੁਹਾਡੇ ਵਿਚਕਾਰ ਨਹੀਂ ਹੋਵਾਂਗਾ, ਪਰ ਮੈਂ ਤੁਹਾਡਾ ਕੋਈ ਕੰਮ ਨਹੀਂ ਰੁਕਣ ਦਿਆਂਗਾ। ਮੈਂ ਤੁਹਾਨੂੰ ਆਪਣੇ ਪਰਿਵਾਰ ਵਾਂਗ ਸੰਭਾਲਿਆ ਹੈ। ਹੁਣ ਤੁਸੀਂ ਲੋਕ ਮੇਰੇ ਬਜ਼ੁਰਗ ਅਤੇ ਬੀਮਾਰ ਮਾਤਾ-ਪਿਤਾ ਦਾ ਖਿਆਲ ਰੱਖੀਓ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਮੈਂ ਅੰਦਰ ਹਾਂ ਜਾਂ ਬਾਹਰ, ਦਿੱਲੀ ਦਾ ਕੰਮ ਰੁਕਣਾ ਨਹੀਂ ਚਾਹੀਦਾ। ਮੈਂ ਤੁਹਾਡਾ ਕੰਮ ਰੁਕਣ ਨਹੀਂ ਦਿਆਂਗਾ। ਮੁਹੱਲਾ ਕਲੀਨਿਕ, ਹਸਪਤਾਲ, 24 ਘੰਟੇ ਬਿਜਲੀ, ਸਿੱਖਿਆ ਆਦਿ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗਾ। ਵਾਪਸ ਆਉਣ ਤੋਂ ਬਾਅਦ ਮੈਂ ਹਰ ਔਰਤ ਨੂੰ ਹਜ਼ਾਰ ਰੁਪਏ ਦੇਣਾ ਸ਼ੁਰੂ ਕਰ ਦਿਆਗਾ।’ ਉਨ੍ਹਾਂ ਅੱਗੇ ਕਿਹਾ, ‘ਮੈਂ ਤੁਹਾਡੇ ਪਰਿਵਾਰ ਦੇ ਪੁੱਤਰ ਵਜੋਂ ਹਮੇਸ਼ਾ ਆਪਣਾ ਫਰਜ਼ ਨਿਭਾਇਆ ਹੈ। ਅੱਜ ਮੈਂ ਤੁਹਾਡੇ ਤੋਂ ਆਪਣੇ ਪਰਿਵਾਰ ਲਈ ਕੁਝ ਮੰਗ ਰਿਹਾ ਹਾਂ। ਮੇਰੇ ਮਾਤਾ-ਪਿਤਾ ਬਹੁਤ ਬਜ਼ੁਰਗ ਹਨ। ਮੇਰੀ ਮਾਂ ਬਹੁਤ ਬੀਮਾਰ ਰਹਿੰਦੀ ਹੈ। ਮੈਨੂੰ ਜੇਲ੍ਹ ਵਿੱਚ ਉਨ੍ਹਾਂ ਬਾਰੇ ਬਹੁਤ ਚਿੰਤਾ ਰਹਿੰਦੀ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਜੇਲ੍ਹ ਜਾਣ ਤੋਂ ਬਾਅਦ ਉਹ ਮਿਲ ਕੇ ਉਨ੍ਹਾਂ ਮਾਤਾ-ਪਿਤਾ ਦੀ ਦੇਖਭਾਲ ਕਰਨ। ਉਨ੍ਹਾਂ ਨੇ ਕਿਹਾ, ‘ਮੇਰੇ ਪਿੱਛੋਂ ਮੇਰੇ ਮਾਤਾ-ਪਿਤਾ ਦਾ ਧਿਆਨ ਰੱਖੋ। ਉਨ੍ਹਾਂ ਲਈ ਪ੍ਰਾਰਥਨਾ ਕਰਨਾ ਅਤੇ ਰੱਬ ਅੱਗੇ ਅਰਦਾਸ ਕਰਨਾ। ਅਰਦਾਸ ਵਿਚ ਬਹੁਤ ਤਾਕਤ ਹੈ। ਜੇ ਤੁਸੀਂ ਮੇਰੀ ਮਾਂ ਲਈ ਰੋਜ਼ਾਨਾ ਪ੍ਰਾਰਥਨਾ ਕਰੋਗੇ, ਤਾਂ ਉਹ ਯਕੀਨੀ ਤੌਰ ‘ਤੇ ਸਿਹਤਮੰਦ ਰਹਿਣਗੇ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਸੂਬੇ ‘ਚ ਮਿਡ ਡੇ ਮੀਲ ਦੇ ਮੀਨੂ ‘ਚ ਬਦਲਾਅ, ਖੀਰ ਨਾਲ ਇਨ੍ਹਾਂ ਚੀਜ਼ਾਂ ਦੀ ਹੋਈ ਐਂਟਰੀ
ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਮੇਰੀ ਪਤਨੀ ਸੁਨੀਤਾ ਬਹੁਤ ਮਜ਼ਬੂਤ ਹੈ, ਉਸ ਨੇ ਜ਼ਿੰਦਗੀ ਦੇ ਹਰ ਔਖੇ ਸਮੇਂ ‘ਤੇ ਮੇਰਾ ਸਾਥ ਦਿੱਤਾ ਹੈ। ਜਦੋਂ ਔਖਾ ਸਮਾਂ ਆਉਂਦਾ ਹੈ ਤਾਂ ਸਾਰਾ ਪਰਿਵਾਰ ਇਕੱਠੇ ਹੋ ਜਾਂਦਾ ਹੈ। ਅਸੀਂ ਸਾਰੇ ਮਿਲ ਕੇ ਤਾਨਾਸ਼ਾਹੀ ਨਾਲ ਲੜ ਰਹੇ ਹਾਂ। ਜੇ ਮੈਨੂੰ ਕੁਝ ਹੋ ਜਾਵੇ, ਦੇਸ਼ ਨੂੰ ਬਚਾਉਣ ਲਈ ਮੇਰੀ ਜਾਨ ਵੀ ਚਲੀ ਜਾਵੇ, ਤਾਂ ਦੁੱਖ ਨਾ ਮਨਾਈਓ। ਤੁਹਾਡੀਆਂ ਦੁਆਵਾਂ ਸਦਕਾ ਮੈਂ ਅੱਜ ਜ਼ਿੰਦਾ ਹਾਂ ਅਤੇ ਤੁਹਾਡੀਆਂ ਅਸੀਸਾਂ ਭਵਿੱਖ ਵਿੱਚ ਵੀ ਮੇਰੀ ਰੱਖਿਆ ਕਰਨਗੀਆਂ। ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ, ਰੱਬ ਨੇ ਚਾਹਿਆ ਤਾਂ ਤੁਹਾਡਾ ਪੁੱਤਰ ਬਹੁਤ ਜਲਦੀ ਵਾਪਸ ਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: