ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਅਦਾਲਤ ਦੇ ਹੁਕਮਾਂ ‘ਤੇ ਬਣਾਏ ਗਏ ਏਮਜ਼ ਦੇ ਪੰਜ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਹਾਲਤ ਫਿਲਹਾਲ ਠੀਕ ਹੈ ਪਰ ਉਨ੍ਹਾਂ ਨੂੰ ਇਨਸੁਲਿਨ ਲੈਣਾ ਜਾਰੀ ਰੱਖਣਾ ਹੋਵੇਗਾ। ਰਿਪੋਰਟ ਮੁਤਾਬਕ ਮੈਡੀਕਲ ਬੋਰਡ ਨੇ ਕੇਜਰੀਵਾਲ ਨੂੰ ਇਨਸੁਲਿਨ ਲੈਂਦੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਦਵਾਈਆਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।
ਇਸ ਦੇ ਨਾਲ ਹੀ ਡਾਕਟਰਾਂ ਨੇ ਇਹ ਵੀ ਕਿਹਾ ਹੈ ਕਿ ਕੇਜਰੀਵਾਲ ਫਿਲਹਾਲ ਪੂਰੀ ਤਰ੍ਹਾਂ ਸਿਹਤਮੰਦ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਇਨਸੁਲਿਨ ਨਾ ਦਿੱਤੇ ਜਾਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਆਮ ਆਦਮੀ ਪਾਰਟੀ ਦਾ ਇਲਜ਼ਾਮ ਸੀ ਕਿ ਜੇਲ ‘ਚ ਕੇਜਰੀਵਾਲ ਦੀ ਸ਼ੂਗਰ ਦਿਨੋ-ਦਿਨ ਵੱਧ ਰਹੀ ਹੈ, ਉਨ੍ਹਾਂ ਨੂੰ ਇਨਸੁਲਿਨ ਦੀ ਸਖਤ ਜ਼ਰੂਰਤ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਨਸੁਲਿਨ ਨਹੀਂ ਦਿੱਤੀ ਜਾ ਰਹੀ। ‘ਆਪ’ ਨੇ ਇਹ ਵੀ ਦੋਸ਼ ਲਾਇਆ ਸੀ ਕਿ ਕੇਜਰੀਵਾਲ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਹੈ।
ਮਾਮਲਾ ਅਦਾਲਤ ਤੱਕ ਵੀ ਪਹੁੰਚ ਗਿਆ ਸੀ। ਅਰਵਿੰਦ ਕੇਜਰੀਵਾਲ ਨੇ ਇੱਕ ਪਟੀਸ਼ਨ ਦਾਇਰ ਕਰਕੇ ਆਪਣੇ ਡਾਕਟਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਨ ਦੀ ਮੰਗ ਕੀਤੀ। ਇਸ ‘ਤੇ ਅਦਾਲਤ ਨੇ ਏਮਜ਼ ਦੇ ਪੰਜ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਉਣ ਦਾ ਹੁਕਮ ਦਿੱਤਾ ਸੀ। ਇਸ ਬੋਰਡ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਸਮੀਖਿਆ ਕੀਤੀ। ਇਸ ਵੀਡੀਓ ਕਾਨਫਰੰਸਿੰਗ ਵਿੱਚ ਤਿਹਾੜ ਜੇਲ੍ਹ ਦੇ ਡਾਕਟਰ ਵੀ ਸ਼ਾਮਲ ਸਨ। ਰਿਪੋਰਟ ਮੁਤਾਬਕ ਇਹ ਕਾਲ ਅੱਧੇ ਘੰਟੇ ਤੱਕ ਚੱਲੀ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬੋਰਡ ਨੇ ਅਰਵਿੰਦ ਕੇਜਰੀਵਾਲ ਨੂੰ ਇਨਸੁਲਿਨ ਦੀਆਂ ਦੋ ਯੂਨਿਟਾਂ ਲੈਂਦੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਦਵਾਈਆਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦਾ ਅਮਰੀਕਾ ‘ਚ ਗੋ/ਲੀਆਂ ਮਾ.ਰ ਕੇ ਕਤ.ਲ, 12 ਸਾਲ ਪਹਿਲਾਂ ਗਿਆ ਸੀ ਵਿਦੇਸ਼
ਇਹ ਬੋਰਡ ਅਗਲੇ ਹਫਤੇ ਫਿਰ ਤੋਂ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਸਮੀਖਿਆ ਕਰੇਗਾ। ਹਾਲ ਹੀ ‘ਚ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਵਾਰ ਜੇਲ ‘ਚ ਇਨਸੁਲਿਨ ਦਿੱਤੀ ਗਈ ਸੀ। ਪਿਛਲੇ ਹਫ਼ਤੇ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦੀ ਉਸ ਮੰਗ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਉਸ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਰ ਰੋਜ਼ ਆਪਣੇ ਡਾਕਟਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਪਰ ਤਿਹਾੜ ਪ੍ਰਸ਼ਾਸਨ ਨੂੰ ਏਮਜ਼ ਦੇ ਡਾਕਟਰਾਂ ਦਾ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦਿੱਤਾ ਜੋ ਇਹ ਫੈਸਲਾ ਕਰ ਸਕੇ ਕਿ ਕੇਜਰੀਵਾਲ ਨੂੰ ਇਨਸੁਲਿਨ ਦੀ ਲੋੜ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -: