1335 Corona cases found in Ludhiana : ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਜ਼ਿਲ੍ਹੇ ਵਿੱਚ ਵਾਧੂ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦੇ 1335 ਨਵੇਂ ਮਾਮਲੇ ਸਾਹਮਣੇ ਆਏ, ਇਸ ਦੇ ਨਾਲ ਹੀ 35 ਲੋਕਾਂ ਨੇ ਇਸ ਨਾਮੁਰਾਦ ਮਹਾਮਾਰੀ ਨਾਲ ਦਮ ਤੋੜਿਆ। ਅੱਜ ਆਏ ਨਵੇਂ ਮਾਮਲਿਆਂ ਨਾਲ ਲੁਧਿਆਣਾ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ 72401 ਹੋ ਗਈ ਹੈ।
ਸਿਵਲ ਸਰਜਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਕੋਰੋਨਾ ਨਾਲ ਹੋਈਆਂ ਮੌਤਾਂ ਵਿੱਚੋਂ 25 ਮ੍ਰਿਤਕ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਸਨ ਇਸ ਤੋਂ ਇਲਾਵਾ ਤਿੰਨ ਫਤਿਹਗੜ੍ਹ ਸਾਹਿਬ, ਦੋ ਬਰਨਾਲਾ, ਇੱਕ-ਇੱਕ ਸੰਗਰੂਰ, ਰੋਪੜ, ਮੋਹਾਲੀ, ਜੰਮੂ-ਕਸ਼ਮੀਰ ਤੇ ਰਾਜਸਥਾਨ ਨਾਲ ਸੰਬੰਧਤ ਸਨ। ਉਥੇ ਹੀ ਅੱਜ ਸਾਹਮਣੇ ਆਏ ਮਾਮਲਿਆਂ ਵਿੱਚੋਂ 146 ਮਰੀਜ਼ ਦੂਸਰੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸੰਬੰਧਤ ਹਨ।
ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਨਾਲ 1663 ਲੋਕ ਦਮ ਤੋੜ ਚੁੱਕੇ ਹਨ, ਜਿਨ੍ਹਾਂ ਵਿੱਚੋਂ 834 ਮੌਤਾਂ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਨਾਲ ਸੰਬੰਧਤ ਹਨ। ਅੱਜ 145 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ ਅਤੇ 6559 ਨਵੇਂ ਆਰਟੀਪੀਸੀਆਰ ਸੈਂਪਲ ਟੈਸਟ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਾਸਕ ਜ਼ਰੂਰ ਪਹਿਨਣ। ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।