ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ’ਤੇ ਤਾਇਨਾਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ। ਵਿੱਤ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ। ਹੁਕਮਾਂ ਮੁਤਾਬਕ ਇਹ ਵਾਧਾ 15 ਤੋਂ 40 ਫੀਸਦੀ ਕੀਤਾ ਗਿਆ ਹੈ। ਸਰਕਾਰ ਨੇ ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਵਿੱਤ ਵਿਭਾਗ ਵੱਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਕਿਹਾ ਹੈ।
10,000 ਰੁਪਏ ਮਹੀਨਾ ਤਨਖ਼ਾਹ ਲੈਣ ਵਾਲੇ ਠੇਕੇ ‘ਤੇ ਭਰਤੀ ਮੁਲਾਜ਼ਮਾਂ ਨੂੰ 40 ਫੀਸਦੀ ਦੇ ਵਾਧੇ ਨਾਲ 14,000 ਰੁਪਏ ਦੀ ਮਾਸਿਕ ਤਨਖ਼ਾਹ ਮਿਲੇਗੀ ਜਦਕਿ 10001 ਤੋਂ 15000 ਰੁਪਏ ਤੱਕ ਮਹੀਨਾ ਲੈਣ ਵਾਲਿਆਂ ਦੀ ਤਨਖਾਹ ਵਿੱਚ 30 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 15001 ਤੋਂ 2000 ਰੁਪਏ ਮਹੀਨਾ ਲੈਣ ਵਾਲਿਆਂ ਨੂੰ ਹੁਣ 25 ਫੀਸਦੀ ਵੱਧ ਅਤੇ 20000 ਰੁਪਏ ਤੇ ਉਸ ਤੋਂ ਵੱਧ ਲੈਣ ਵਾਲਿਆਂ ਦੀ ਤਨਖਾਹ ਵਿੱਚ 15 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਹੁਕਮ ‘ਚ ਕਿਹਾ ਗਿਆ ਹੈ ਕਿ ਇਹ ਵਾਧਾ ਇਕ ਵਾਰ ਹੋਵੇਗਾ ਅਤੇ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਉਕਤ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਸਾਲਾਨਾ ਪੰਜ ਫੀਸਦੀ ਵਾਧਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਵਿਭਾਗਾਂ ਵਿੱਚ ਕੰਮ ਕਰਦੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਇੱਕ ਸਕੀਮ ਲਾਗੂ ਕੀਤੀ ਹੈ। ਇਸ ਤਹਿਤ ਠੇਕਾ, ਆਊਟਸੋਰਸ ਮੁਲਾਜ਼ਮਾਂ ਨੂੰ ਵਿਸ਼ੇਸ਼ ਕੇਡਰ ਅਧੀਨ 58 ਸਾਲ ਤੱਕ ਨੌਕਰੀ ‘ਤੇ ਬਣੇ ਰਹਿਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਬਠਿੰਡਾ ਮਿਲਟਰੀ ਸਟੇਸ਼ਨ ਕੇਸ, 5 ਦਿਨ ਪੁਲਿਸ ਨਾਲ ਘੁੰਮਦਾ ਰਿਹਾ ਜਵਾਨਾਂ ਦਾ ਕਾਤਲ, ਇੰਝ ਖੁੱਲ੍ਹਿਆ ਰਾਜ਼
ਇਸ ਫੈਸਲੇ ਤਹਿਤ ਮੁੱਖ ਮੰਤਰੀ ਵੱਲੋਂ 8736 ਅਧਿਆਪਕਾਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਸੂਬਾ ਸਰਕਾਰ ਦੀ ਤਰਫੋਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਵਿਸ਼ੇਸ਼ ਕੇਡਰ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ, ਜਿਸ ਵਿੱਚ ਪੰਜਾਬ ਸੇਵਾ ਐਕਟ ਤਹਿਤ ਨਿਯਮ ਅਤੇ ਸ਼ਰਤਾਂ ਹੀ ਲਾਗੂ ਹੋਣਗੀਆਂ। ਫਿਲਹਾਲ ਰਾਜ ਸਰਕਾਰ ਦੀ ਤਰਫੋਂ ਕੱਚੇ ਮੁਲਾਜ਼ਮਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: