ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਢਾਈ ਸਾਲਾਂ ਦੇ ਜਪਮੀਤ ਦਾ ਨਾਂ ਉਸ ਦੀ ਤੇਜ਼ ਯਾਦਸ਼ਕਤੀ ਲਈ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਉਸ ਨੇ ਛੋਟੀ ਉਮਰੇ ਹੀ ਆਪਣੇ ਮਾਪਿਆਂ ਤੇ ਪੂਰੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।
ਜਪਮੀਤ ਸਿੰਘ ਨੂੰ ਢਾਈ ਸਾਲਾਂ ਦੀ ਉਮਰ ਵਿੱਚ 10 ਫੁੱਲਾਂ, 12 ਜੰਗਲੀ ਜਾਨਵਰਾਂ, 12 ਵਾਹਨਾਂ, 7 ਘਰੇਲੂ ਜਾਨਵਰਾਂ, 5 ਐਕਸ਼ਨ ਵਰਡਜ਼, 8 ਸ਼ੇਪਸ, 10 ਪੰਛੀਆਂ, 8 ਰੰਗਾਂ ਦੀ ਪਛਾਣ, 8 ਸਮੁੰਦਰੀ ਜਾਨਵਰ, 7 ਸਟੇਸ਼ਨਰੀ ਵਸਤੂਆਂ, ਸਰੀਰ ਦੇ 24 ਹਿੱਸੇ, ਏ ਟੂ ਜ਼ੈਡ, 14 ਕੀੜੇ, ਹਫ਼ਤੇ ਅਤੇ ਮਹੀਨਿਆਂ ਦੇ ਦਿਨਾਂ ਦੇ ਨਾਂ ਯਾਦ ਕਰਨ ਲਈ ਮੈਡਲ, ਆਈ ਕਾਰਡ, ਬੈਜ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਖੁੱਲ੍ਹੀ ਕਿਸਮਤ- ਜਿੱਤਿਆ ਰੱਖੜੀ ਬੰਪਰ ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ
ਜਪਮੀਤ ਦਾ ਜਨਮ 6 ਫਰਵਰੀ, 2019 ਦਾ ਹੈ ਅਤੇ ਉਸ ਦੀ ਉਮਰ 23 ਜੁਲਾਈ, 2021 ਨੂੰ 2 ਸਾਲ ਤੇ ਪੰਜ ਮਹੀਨੇ ਦੀ ਹੋਈ ਹੈ। ਡਾ. ਬਿਸ਼ਵਰੂਪ ਰਾਏ ਚੌਧਰੀ, ਮੁੱਖ ਸੰਪਾਦਕ ਇੰਡੀਆ ਬੁੱਕ ਆਫ਼ ਰਿਕਾਰਡਜ਼ ਨੇ ਕਿਹਾ ਕਿ ਜਪਮੀਤ ਸਿੰਘ ਨੇ ਦੂਜਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ।
ਜਪਮੀਤ ਦੇ ਪਿਤਾ ਹਰਪ੍ਰੀਤ ਸਿੰਘ ਕੰਬੋਜ ਅਤੇ ਮਾਤਾ ਜਸਬੀਰ ਕੌਰ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਬੇਟੇ ਨੇ ਨਿੱਕੀ ਉਮਰੇ ਹੀ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।