ਪੰਜਾਬ ਪੁਲਿਸ ਦੇ ਦੋ ਜਵਾਨਾਂ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਦੋਵੇਂ ਹੁਣ ਫੌਜ ਵਿਚ ਅਫਸਰ ਵਜੋਂ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਅਨਮੋਲ ਸ਼ਰਮਾ (24) ਅਤੇ ਲਵਪ੍ਰੀਤ ਸਿੰਘ (24) ਸ਼ਾਮਲ ਹਨ। ਅਨਮੋਲ ਸ਼ਰਮਾ ਨੇ ਕੰਬਾਈਡ ਡਿਫੈਂਸ ਸਰਵਿਸਿਜ਼ (CDS) ਦੀ ਪ੍ਰੀਖਿਆ ਵਿੱਚ 99ਵਾਂ ਰੈਂਕ ਹਾਸਲ ਕੀਤਾ ਹੈ, ਜਦੋਂਕਿ ਲਵਪ੍ਰੀਤ ਨੇ ਸਰਵਿਸ ਸਿਲੈਕਸ਼ਨ ਕਮਿਸ਼ਨ (SSB) ਦੀ ਇੰਟਰਵਿਊ ਨੂੰ ਪਾਸ ਕੀਤਾ ਹੈ। ਦੋਵਾਂ ਜਵਾਨਾਂ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਖੁਸ਼ੀ ਦਾ ਮੌਕਾ ਹੈ।
ਲਵਪ੍ਰੀਤ ਸਿੰਘ ਮੂਲ ਤੌਰ ‘ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਗੁਰੂ ਨੇੜੇ ਨੰਗਲ ਦਿਆਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਜੋਗਿੰਦਰ ਸਿੰਘ ਫੌਜ ਵਿੱਚ ਹਨ। ਲਵਪ੍ਰੀਤ ਸਿੰਘ ਰੋਡ ਸੇਫਟੀ ਫੋਰਸ ਵਿੱਚ ਭਰਤੀ ਹੋਇਆ ਸੀ। ਲਵਪ੍ਰੀਤ ਨੇ ਨਿਸ਼ਾਨ-ਏ-ਸਿੱਖੀ ਪ੍ਰੈਪਰੇਟਰੀ ਇੰਸਟੀਚਿਊਟ, ਖਡੂਰ ਸਾਹਿਬ ਤੋਂ 12ਵੀਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐੱਸ.ਸੀ. ਮੈਥੇਮੈਟਿਕਸ ਆਨਰਜ਼) ਕੀਤੀ। ਉਸ ਦੀ ਭੈਣ ਰਜਨੀਸ਼ ਕੌਰ ਪੀਐਚਡੀ ਕਰ ਰਹੀ ਹੈ। ਜਦਕਿ ਭਰਾ ਪੁਲਿਸ ਕਾਂਸਟੇਬਲ ਹੈ।
ਅਨਮੋਲ ਕਪੂਰਥਲਾ ਦੇ ਲਕਸ਼ਮੀ ਨਗਰ ਦਾ ਰਹਿਣ ਵਾਲਾ ਹੈ। ਅਨਮੋਲ ਨੇ ਆਪਣੀ ਸਕੂਲੀ ਸਿੱਖਿਆ ਸੈਨਿਕ ਸਕੂਲ, ਕਪੂਰਥਲਾ ਤੋਂ ਅਤੇ ਗ੍ਰੈਜੂਏਸ਼ਨ (ਬੀ.ਐੱਸ.ਸੀ. ਮੈਡੀਕਲ) ਡੀਏਵੀ ਕਾਲਜ, ਜਲੰਧਰ ਤੋਂ ਕੀਤੀ। ਅਨਮੋਲ ਦੇ ਪਿਤਾ ਸਹਾਇਕ ਸਬ-ਇੰਸਪੈਕਟਰ ਰਿਪੁਦਮਨ ਸ਼ਰਮਾ ਹਨ, ਜੋ ਇੱਕ ਅੰਤਰਰਾਸ਼ਟਰੀ ਹਾਕੀ ਅੰਪਾਇਰ ਹੈ। ਉਸ ਦਾ ਸੁਪਨਾ ਅਫਸਰ ਬਣਨ ਦਾ ਸੀ। ਅਨਮੋਲ ਨੇ ਆਫੀਸਰਜ਼ ਟਰੇਨਿੰਗ ਅਕੈਡਮੀ (OTA), ਚੇਨਈ ਵਿੱਚ ਚੋਣ ਤੋਂ ਬਾਅਦ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ : ਭੂਟਾਨ ਦੇ ਰਾਜਾ ਨੇ PM ਮੋਦੀ ਦੇ ਸਨਮਾਨ ‘ਚ ਦਿੱਤਾ ਡਿਨਰ, ਪਰਿਵਾਰ ਨਾਲ ਦਿਸਿਆ ਆਪਣਾਪਨ
ਦੋਵੇਂ ਜਵਾਨ ਸਾਲ 2022 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ। ਇਸ ਤੋਂ ਬਾਅਦ ਉਹ ਟ੍ਰੇਨਿੰਗ ਲਈ ਕਪੂਰਥਲਾ ਚਲੇ ਗਏ, ਜਿੱਥੇ ਦੋਵਾਂ ਨੇ ਆਪਣੀ ਪ੍ਰੀਖਿਆ ਦੀ ਤਿਆਰੀ ਕੀਤੀ। ਸਿਖਲਾਈ ਕੇਂਦਰ ਵਿੱਚ ਰਾਤ 9.30 ਵਜੇ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਅਜਿਹੇ ‘ਚ ਉਹ ਸੈਂਟਰ ਦੇ ਨੇੜੇ ਸਥਿਤ ਮੰਦਰ ‘ਚ ਜਾ ਕੇ ਟੇਬਲ ਲੈਂਪ ਲਗਾ ਕੇ ਪੜ੍ਹਾਈ ਕਰਦੇ ਸਨ। ਇਸ ਤੋਂ ਇਲਾਵਾ ਉਹ ਨੋਟਸ ਬਣਾ ਕੇ ਚੱਲਦੇ ਸਨ। ਟ੍ਰੇਨਿੰਗ ਵਿਚਾਲੇ ਜਦੋਂ ਵੀ ਮੌਕਾ ਮਿਲਦਾ ਸੀ ਤਾਂ ਉਹ ਪੜ੍ਹਾਈ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: