25 Cops reported corona : ਸੰਗਰੂਰ ਜ਼ਿਲੇ ਦੀ ਸਬ-ਡਵੀਜ਼ਨ ਲਹਿਰਾ ਵਿਚ ਡੀਐਸਪੀ ਸਣੇ 25 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਇਹ ਸਾਰੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਚਾਰ ਪੁਲਿਸ ਮੁਲਾਜ਼ਮਾਂ ਦੇ ਸੰਪਰਕ ਵਾਲੇ ਸਨ, ਜਿਨ੍ਹਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਬੀਤੇ ਦਿਨ ਪਾਜ਼ੀਟਿਵ ਪਾਈ ਗਈ ਹੈ।
ਇਸ ਤੋਂ ਇਲਾਵਾ 5 ਹੋਰ ਸ਼ਹਿਰ ਨਿਵਾਸੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਾਣਕਾਰੀ ਦਿੰਦਿਆਂ ਐਸਐਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਪਾਜ਼ੀਟਿਵ ਆਏ ਮਾਮਲਿਆਂ ਵਿਚ ਘੱਟ ਲੱਛਣ ਵਾਲੇ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਘਾਬਦਾ ਅਤੇ ਜ਼ਿਆਦਾ ਲੱਛਣ ਵਾਲਿਆਂ ਨੂੰ ਕੋਵਿਡ ਕੇਅਰ ਸੈਂਟਰ ਮਾਲੇਰਕੋਟਲਾ ਅਤੇ ਸੰਗਰੂਰ ਵਿਖੇ ਭੇਜਿਆ ਜਾ ਰਿਹਾ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲਏ ਜਾ ਰਹੇ ਹਨ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ 22 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 15 ਮ੍ਰਿਤਕ ਮਾਲੇਰਕੋਟਲਾ ਨਾਲ ਸਬੰਧਤ ਸਨ, ਜਦਕਿ ਅਮਰਗੜ੍ਹ ਤੇ ਸ਼ੇਰਪੁਰ ਤੋਂ ਦੋ-ਦੋ ਅਤੇ ਫਤਹਿਗੜ੍ਹ ਪੰਜਗਰਾਈਆਂ, ਅਹਿਮਦਗੜ੍ਹ ਤੇ ਲੌਂਗੋਵਾਲ ਤੋਂ ਇਕ-ਇਕ ਮੌਤ ਹੋਈ ਹੈ। ਇਸ ਸਮੇਂ ਜ਼ਿਲੇ ਵਿਚ ਕੋਰੋਨਾ ਦੇ 96 ਮਾਮਲੇ ਐਕਟਿਵ ਹਨ।
ਦੱਸਣਯੋਗ ਹੈ ਕਿ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿਚ ਪਿਛਲੇ 24 ਘੰਟੇ ਦੌਰਾਨ ਜਿਥੇ ਕੋਰੋਨਾ ਕਾਰਨ 8 ਹੋਰ ਮੌਤਾਂ ਹੋਈਆਂ ਹਨ, ਉਥੇ 450 ਨਵੇਂ ਪਾਜ਼ੇਟਿਵ ਕੋਰੋਨਾ ਕੇਸ ਵੀ ਆਏ ਹਨ। ਜਿਥੇ ਸੂਬੇ ਵਿਚ ਮੌਤਾਂ ਦੀ ਕੁਲ ਗਿਣਤੀ 266 ਹੋ ਗਈ ਹੈ ਉਥੇ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ ਵੀ 10500 ਤੋਂ ਪਾਰ ਹੋ ਗਿਆ ਹੈ। ਹੁਣ ਤੱਕ 7118 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।