26th patient in district: ਜਲੰਧਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਆਰ ਇਲਾਜ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਜ਼ਿਲ੍ਹੇ ਵਿੱਚ 26ਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਵਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ ਜਿਸ ਨੂੰ ਅੱਜ ਰਿਪੋਰਟਾਂ ਨੈਗੇਟਿਵ ਆਉਣ ’ਤੇ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਮਰੀਜ਼ ਸ੍ਰੀਮਤੀ ਸੁਨੀਤਾ ਪਤਨੀ ਸ੍ਰੀ ਪਵਨ ਕੁਮਾਰ ਵਾਸੀ ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ ਨੂੰ ਸਿਵਲ ਹਸਪਤਾਲ ਵਿਖੇ 23 ਅਪੈ੍ਰਲ ਨੂੰ ਦਾਖਲ ਕਰਵਾਇਆ ਗਿਆ ਸੀ। ਇਥੇ ਸੀਨੀਅਰ ਮੈਡੀਕਲ ਅਫ਼ਸਰ ਫਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਉਸ ਨੂੰ ਸਿਵਲ ਹਸਪਤਾਲ ਵਿਖੇ ਬਹੁਤ ਹੀ ਵਧੀਆ ਇਲਾਜ ਮੁਹੱਈਆ ਕਰਵਾਇਆ ਗਿਆ। ਇਲਾਜ ਤੋਂ ਬਾਅਦ 7 ਮਈ ਨੂੰ ਉਸ ਦੇ ਸੈਂਪਲ ਜਾਂਚ ਲਈ ਲਏ ਗਏ ਜੋ ਕਿ ਨੈਗੇਟਿਵ ਪਾਏ ਗਏ। ਇਸ ਉਪਰੰਤ ਦੁਬਾਰਾ ਜਾਂਚ ਲਈ ਉਸ ਦੇ ਸੈਂਪਲ ਟੈਸਟ ਲਈ ਲਏ ਗਏ ਤਾਂ ਕਿ ਰਿਪੋਰਟ ਨੂੰ ਫਿਰ ਤੋਂ ਦਰੁਸਤ ਕੀਤਾ ਜਾ ਸਕੇ ਜੋ ਵੀ ਜਾਂਚ ਉਪਰੰਤ ਨੈਗੇਟਿਵ ਪਾਏ।
ਇਸ ਮੌਕੇ ਸ੍ਰੀਮਤੀ ਸੁਨੀਤਾ ਵਲੋਂ ਸਿਵਲ ਹਸਪਤਾਲ ਵਿਖੇ ਉਸ ਨੂੰ ਸਮੁੱਚੇ ਡਾਕਟਰਾਂ ਦੀ ਟੀਮ ਅਤੇ ਖਾਸ ਕਰਕੇ ਡਾ.ਕਸ਼ਮੀਰੀ ਲਾਲ ਵਲੋਂ ਮੁਹੱਈਆ ਕਰਵਾਏ ਗਏ ਇਲਾਜ ’ਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਦੀ ਵੀ ਸ਼ਲਾਘਾ ਕੀਤੀ ਗਈ। ਸ੍ਰੀਮਤੀ ਸੁਨੀਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਪਰ ਇਸ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਪੂਰੀਆਂ ਸਾਵਧਾਨੀਆਂ ਵਰਤ ਕੇ ਹੀ ਇਸ ਖਿਲਾਫ਼ ਜੰਗ ਨੂੰ ਜਿਤਿਆ ਜਾ ਸਕਦਾ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਵਧਾਈ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਡਾ.ਹਰਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪਲ ਉਨਾ ਲਈ ਬਹੁਤ ਹੀ ਮਾਣ ਭਰਿਆ ਹੈ ਜਦੋਂ ਇਹ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਅਪਣੇ ਘਰ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 26 ਮਰੀਜ਼ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਹਨ ਅਤੇ ਬਾਕੀ ਮਰੀਜ਼ਾਂ ਦੀ ਸਿਹਤ ਵਿੱਚ ਵੀ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।