ਮੰਜ਼ਿਲ ‘ਤੇ ਉਹੀ ਪਹੁੰਚਦੇ ਹਨ, ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਏ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲੇ ਨਾਲ ਉਡਾਨ ਹੁੰਦੀ ਏ। ਅਜਿਹਾ ਹੀ ਕੁਝ ਭਾਰਤ-ਪਾਕਿ ਸਰਹੱਦ ‘ਤੇ ਦੋਰਾਂਗਲਾ ਸ਼ਹਿਰ ਦੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਦਿਵਿਆਂਗ ਲੜਕੀ ਸਨੇਹਾ ‘ਚ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖਣ ‘ਤੇ ਪਤਾ ਲੱਗਦਾ ਹੈ ਕਿ ਪੜ੍ਹਾਈ ਲਈ ਜਨੂੰਨ ਕੀ ਹੁੰਦਾ ਹੈ। ਦਿਵਿਆਂਗ ਹੋਣ ਦੇ ਬਾਵਜੂਦ ਉਹ ਹਿੰਮਤ ਨਹੀਂ ਹਾਰ ਰਹੀ। ਉਹ ਹਰ ਰੋਜ਼ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਪਹੁੰਚਦੀ ਹੈ ਅਤੇ ਸਿੱਖਿਆ ਪ੍ਰਾਪਤ ਕਰਦੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਂਗਲਾ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਸਨੇਹਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸਰੀਰਕ ਤੌਰ ’ਤੇ ਕਮਜ਼ੋਰ ਹੈ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਪਿੰਡ ਤੋਂ ਵ੍ਹੀਲ ਚੇਅਰ ‘ਤੇ ਕਰੀਬ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਪਹੁੰਚਦੀ ਹੈ। ਉਸ ਦੀ ਭੈਣ ਉਸ ਨੂੰ ਲੈ ਕੇ ਆਉਂਦੀ ਹੈ। ਇਸ ਦੌਰਾਨ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰਦੀ।
ਉਸ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ। ਉਸ ਦੇ ਪਿਤਾ ਦਿਹਾੜੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਸ ਦਾ ਸੁਪਨਾ ਪੜ੍ਹ-ਲਿਖ ਕੇ ਬੈਂਕ ਵਿਚ ਨੌਕਰੀ ਕਰਨਾ ਹੈ। ਉਸ ਨੂੰ ਸਕੂਲ ਵਾਲੇ ਪਾਸੇ ਤੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।
ਕਲਾਸ ਇੰਚਾਰਜ ਨੇ ਦੱਸਿਆ ਕਿ ਸਨੇਹਾ ਨੂੰ ਆਪਣੀ ਪੜ੍ਹਾਈ ਦਾ ਬਹੁਤ ਜਨੂੰਨ ਹੈ। ਜਦੋਂ ਮੈਂ ਘਰ-ਘਰ ਜਾ ਕੇ ਪ੍ਰਚਾਰ ਕੀਤਾ ਤਾਂ ਮੈਨੂੰ ਇਸ ਕੁੜੀ ਬਾਰੇ ਪਤਾ ਲੱਗਾ।
ਇਹ ਵੀ ਪੜ੍ਹੋ : ਸੱਟੇਬਾਜ਼ੀ ਵਾਲੇ ਆਨਲਾਈਨ ਗੇਮ ਹੋਣਗੇ ਬੈਨ! ਗੇਮਿੰਗ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਨਿਯਮ
ਪ੍ਰਮਾਤਮਾ ਨੇ ਭਾਵੇਂ ਉਸ ਨੂੰ ਸਰੀਰਕ ਤੌਰ ‘ਤੇ ਕਮਜ਼ੋਰ ਰਖਿਆ ਹੈ ਪਰ ਇਸ ਲੜਕੀ ਦਾ ਦਿਮਾਗ ਬਹੁਤ ਤੇਜ਼ ਹੈ ਅਤੇ ਉਹ ਪੜ੍ਹਾਈ ਲਈ ਹਰ ਕੋਸ਼ਿਸ਼ ਕਰਦੀ ਰਹਿੰਦੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥਣ ਸਨੇਹਾ 10ਵੀਂ ਜਮਾਤ ਦੀ ਪ੍ਰੀਖਿਆ ਦੇ ਰਹੀ ਹੈ। ਸਮਾਜ ਵੱਲੋਂ ਵੀ ਇਸ ਬੱਚੀ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਸਕੂਲ ਵੱਲੋਂ ਇਸ ਬੱਚੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਕਿਤਾਬਾਂ, ਬੈਗ ਆਦਿ ਮੁਫਤ ਦਿੱਤੇ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: