ਮੈਡਾਗਾਸਕਰ ਦੇ 57 ਸਾਲਾ ਪੁਲਿਸ ਮੰਤਰੀ ਜਨਰਲ ਸਰਗੇ ਗੇੱਲੇ ਦਾ ਹੈਲੀਕਾਪਟਰ ਹਿੰਦ ਮਹਾਸਾਗਰ ਵਿੱਚ ਕ੍ਰੈਸ਼ ਹੋ ਗਿਆ ਪਰ ਉਹ ਵਾਲ-ਵਾਲ ਬਚ ਗਿਆ। ਸਮੁੰਦਰ ਵਿਚਕਾਰ ਹਿੰਮਤ ਹਾਰਨ ਤੇ ਮਦਦ ਦੀ ਉਡੀਕ ਕਰਨ ਦੀ ਬਜਾਏ ਉਹ 12 ਘੰਟੇ ਤੈਰ ਕੇ ਮਹਾਂਬੋ ਵਿੱਚ ਕੰਢੇ ਤੱਕ ਪਹੁੰਚਿਆ।
ਉਸ ਨਾਲ ਚੀਫ਼ ਵਾਰੰਟ ਅਫਸਰ ਜਿੰਮੀ ਲੈਤਸਾਰਾ ਨੇ ਵੀ ਤੈਰ ਕੇ ਜਾਨ ਬਚਾਈ। ਹੈਲੀਕਾਪਟਰ ਕ੍ਰੈਸ਼ ਸੋਮਵਾਰ ਨੂੰ ਹੋਇਆ ਸੀ। ਮੰਗਲਵਾਰ ਨੂੰ ਕੰਢੇ ਨੇੜੇ ਇੱਕ ਮਛੇਰੇ ਨੇ ਉਨ੍ਹਾਂ ਨੂੰ ਪਾਣੀ ‘ਚ ਪਏ ਵੇਖਿਆ ਅਤੇ ਉਨ੍ਹਾਂ ਨੂੰ ਖਿੱਚ ਕੇ ਬਾਹਰ ਕੱਢਿਆ।
ਮੈਡਾਗਾਸਕਰ ਦੇ ਰੱਖਿਆ ਮੰਤਰਾਲੇ ਨੇ ਟਵਿੱਟਰ ‘ਤੇ ਗੇੱਲੇ ਦਾ ਵੀਡੀਓ ਪੋਸਟ ਕੀਤਾ, ਜਿਸ ‘ਚ ਗੇੱਲੇ ਨੇ ਕਿਹਾ- ‘ਅਜੇ ਮੇਰੇ ਮਰਨ ਦਾ ਸਮਾਂ ਨਹੀਂ ਆਇਆ ਹੈ। ਰੱਬ ਦਾ ਸ਼ੁਕਰ ਹੈ ਮੈਂ ਠੀਕ ਹਾਂ, ਬਸ ਠਰ੍ਹ ਰਿਹਾ ਹਾਂ। ਮੈਂ ਵੀ ਦੁਖੀ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਕਿ ਮੇਰੇ ਦੋਸਤ ਜਿਉਂਦੇ ਹਨ ਜਾਂ ਨਹੀਂ। ਵੀਡੀਓ ‘ਚ ਗੇੱਲੇ ਲਾਉਂਜ ਚੇਅਰ ‘ਤੇ ਬੈਠੇ ਨਜ਼ਰ ਆ ਰਹੇ ਹਨ, ਠੰਡੇ ਪਾਣੀ ਕਾਰਨ ਉਨ੍ਹਾਂ ਦੇ ਹੱਥ ਚਿੱਟੇ ਪੈ ਗਏ ਤੇ ਝੁਰੜੀਆਂ ਪੈ ਗਈਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਵੀਡੀਓ ‘ਚ ਜਨਰਲ ਗੇੱਲੇ ਨੇ ਕਿਹਾ- ‘ਅਸੀਂ ਜਹਾਜ਼ ‘ਚ ਚਾਰ ਲੋਕ ਸੀ। ਮੈਂ ਪਾਇਲਟ ਦੇ ਪਿੱਛੇ ਬੈਠਾ ਸੀ। ਮੇਰੇ ਕੋਲ ਲਾਈਫ ਜੈਕੇਟ ਨਹੀਂ ਸੀ, ਇਸ ਲਈ ਮੈਂ ਜਲਦੀ ਹੀ ਸੀਟ ਨੂੰ ਉਸ ਦੀ ਜਗ੍ਹਾ ਤੋਂ ਬਾਹਰ ਲੈ ਲਿਆ ਅਤੇ ਇਸਨੂੰ ਸਮੁੰਦਰ ਵਿੱਚ ਸੀਟ ਦੇ ਤੌਰ ‘ਤੇ ਵਰਤਿਆ। ਮੈਂ ਸਾਰਾ ਸਮਾਂ ਸ਼ਾਂਤ ਰਿਹਾ ਅਤੇ ਆਪਣੇ ਤੋਂ ਸਾਰੀਆਂ ਭਾਰੀਆਂ ਚੀਜ਼ਾਂ ਨੂੰ ਹਟਾ ਦਿੱਤਾ, ਜਿਵੇਂ ਕਿ ਮੇਰੇ ਕੱਪੜੇ, ਜੁੱਤੇ ਅਤੇ ਬੈਲਟ। ਮੈਂ ਜਿਊਂਦਾ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਗੇੱਲੇ ਨੇ ਕਿਹਾ ਕਿ ਉਸ ਦਾ ਫ਼ੋਨ ਹਾਦਸੇ ਵਿੱਚ ਗੁਆਚ ਗਿਆ ਸੀ ਅਤੇ ਉਹ 24 ਘੰਟਿਆਂ ਵਿੱਚ ਕੰਮ ‘ਤੇ ਵਾਪਸ ਆ ਜਾਣਗੇ।
ਸਰਕਾਰ ਦਾ ਕਹਿਣਾ ਹੈ ਕਿ ਹੈਲੀਕਾਪਟਰ ਕਰੈਸ਼ ਹੋਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਗੇੱਲੇ ਨੇ ਕਿਹਾ ਕਿ ਤੇਜ਼ ਹਵਾ ਨੇ ਹੈਲੀਕਾਪਟਰ ਨੂੰ ਅਸਥਿਰ ਕਰ ਦਿੱਤਾ ਸੀ। ਹੈਲੀਕਾਪਟਰ ਦਾ ਪਾਇਲਟ ਅਤੇ ਹੋਰ ਯਾਤਰੀ ਅਜੇ ਵੀ ਲਾਪਤਾ ਹਨ। ਹਾਦਸਾਗ੍ਰਸਤ ਹੋਇਆ ਹੈਲੀਕਾਪਟਰ ਦੋ ਜਹਾਜ਼ਾਂ ਵਿੱਚੋਂ ਇੱਕ ਸੀ ਜੋ ਕਿ ਸਰਕਾਰੀ ਨੁਮਾਇੰਦਿਆਂ ਨੂੰ ਕਿਸ਼ਤੀ ਦੇ ਡੁੱਬਣ ਵਾਲੀ ਥਾਂ ‘ਤੇ ਲੈ ਕੇ ਜਾ ਰਿਹਾ ਸੀ। ਇਸ ਕਿਸ਼ਤੀ ‘ਤੇ ਸਵਾਰ ਲੋਕਾਂ ‘ਚੋਂ 45 ਨੂੰ ਬਚਾ ਲਿਆ ਗਿਆ ਹੈ, 64 ਲਾਸ਼ਾਂ ਮਿਲੀਆਂ ਹਨ, ਜਦਕਿ 20 ਲਾਪਤਾ ਹਨ।