ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਪਿਛਲੇ 9 ਮਹੀਨਿਆਂ ਵਿੱਚ 6 ਭਾਰਤੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਤਰਾਲਾ ਇਸ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹਾਲ ਦੇ ਦਿਨਾਂ ‘ਚ ਮਛੇਰਿਆਂ ਦੀ ਮੌਤ ਦੀ ਗਿਣਤੀ ਵਧੀ ਹੈ। ਪਾਕਿਸਤਾਨੀ ਜੇਲ੍ਹਾਂ ਵਿੱਚ ਮਾਰੇ ਗਏ ਛੇ ਕੈਦੀਆਂ ਵਿੱਚੋਂ ਪੰਜ ਮਛੇਰੇ ਸਨ। ਬਾਗਚੀ ਨੇ ਕਿਹਾ ਕਿ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਨ, ਫਿਰ ਵੀ ਪਾਕਿਸਤਾਨ ਨੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਾਗਚੀ ਨੇ ਕਿਹਾ ਕਿ ਪਾਕਿਸਤਾਨ ਨੇ ਉਨ੍ਹਾਂ ਕੈਦੀਆਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਾ ਦੇ ਇੰਡੀਆਨਾ ‘ਚ ਭਾਰਤੀ ਵਿਦਿਆਰਥੀ ਦੇ ਕਤਲ ‘ਤੇ ਵੀ ਬਿਆਨ ਦਿੱਤਾ ਅਤੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਸੀਂ ਘਟਨਾਕ੍ਰਮ ‘ਤੇ ਨਜ਼ਰ ਰਖ ਰਹੇ ਹਾਂ।
ਪਰਡਿਊ ਯੂਨੀਵਰਸਿਟੀ ‘ਚ ਡਾਟਾ ਸਾਇੰਸ ਦੀ ਪੜ੍ਹਾਈ ਕਰ ਰਹੇ ਵਰੁਣ ਛੇੜਾ ਨਾਂ ਦੇ ਭਾਰਤੀ ਵਿਦਿਆਰਥੀ ਦਾ ਇੰਡੀਆਨਾਪੋਲਿਸ ‘ਚ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਪੁਲਸ ਨੇ ਕੋਰੀਅਨ ਮੂਲ ਦੇ ਵਰੁਣ ਦੇ ਰੂਮਮੇਟ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਸ਼ੁਰੂਆਤੀ ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਕਿਹਾ ਹੈ ਕਿ ਵਰੁਣ ਦੀ ਮੌਤ ਸੱਟ ਲੱਗਣ ਕਾਰਨ ਹੋਈ ਹੈ, ਜੋ ਸ਼ਾਇਦ ਉਸ ਨੂੰ ਪਟਕ ਕੇ ਮਾਰਨ ਨਾਲ ਲੱਗੀ ਸੀ।
ਇਹ ਵੀ ਪੜ੍ਹੋ : ਤਰਨਤਾਰਨ : ਵਿਆਹ ਤੋਂ 4 ਦਿਨ ਪਹਿਲਾਂ ਸਕੇ ਭਰਾ ਨੇ ਵੱਢੀ ਭੈਣ, ਡੋਲੀ ਦੀ ਥਾਂ ਉਠੀ ਅਰਥੀ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਚੀਨ ਦੀ ਸਰਹੱਦ ਨਾਲ ਲੱਗਦੇ ਐਲਏਸੀ ਤੋਂ ਚੀਨੀ ਫੌਜ ਦੀ ਡਿਸਇੰਗੇਜਮੈਂਟ ਪ੍ਰਕਿਰਿਆ ‘ਤੇ ਕਿਹਾ ਕਿ ਡਿਸਇੰਗੇਜਮੈਂਟ ਅਜੇ ਪੂਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਐੱਲ.ਏ.ਸੀ. ‘ਤੇ ਡਿਸਇੰਗੇਜਮੈਂਟ ਦੇ ਜੋ ਜ਼ਰੂਰੀ ਕਦਮ ਹਨ, ਅਜੇ ਉਸ ਸਥਿਤੀ ਤੱਕ ਨਹੀਂ ਪਹੁੰਚੇ ਹਾਂ। ਅਜਿਹੇ ਵਿੱਚ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਸਥਿਤੀ ਆਮ ਹੈ। ਕੁਝ ਹਾਂਪੱਖੀ ਕਦਮ ਚੁੱਕੇ ਗਏ ਹਨ, ਪਰ ਕੁਝ ਕਦਮ ਅਜੇ ਬਾਕੀ ਹਨ।
ਵੀਡੀਓ ਲਈ ਕਲਿੱਕ ਕਰੋ -: