ਪੰਜਾਬ ਦੇ ਡੈਮਾਂ ਤੋਂ ਛੱਡਿਆ ਗਿਆ ਪਾਣੀ ਸੂਬੇ ਦੇ ਦੋ ਜ਼ਿਲ੍ਹਿਆਂ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਤਬਾਹੀ ਮਚਾ ਰਿਹਾ ਹੈ। ਦੋਵਾਂ ਜ਼ਿਲ੍ਹਿਆਂ ਦੇ ਕਰੀਬ 74 ਪਿੰਡ ਅਤੇ ਬੀਐਸਐਫ ਦੀਆਂ ਕਈ ਚੌਕੀਆਂ ਹੜ੍ਹ ਦੀ ਲਪੇਟ ਵਿੱਚ ਹਨ। ਸ਼ਨੀਵਾਰ ਨੂੰ ਹੁਸੈਨੀਵਾਲਾ ਤੋਂ 2 ਲੱਖ 82 ਹਜ਼ਾਰ 875 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਅਗਲੇ 48 ਘੰਟਿਆਂ ਦੌਰਾਨ ਇਨ੍ਹਾਂ ਸਰਹੱਦੀ ਪਿੰਡਾਂ ‘ਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ। ਤਿੰਨੋਂ ਡੈਮਾਂ ਭਾਖੜਾ ਤੋਂ 57509 ਕਿਊਸਿਕ, ਆਰਐਸਡੀ ਤੋਂ 20145 ਕਿਊਸਿਕ ਅਤੇ ਪੌਂਗ ਤੋਂ 78354 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਦੂਜੇ ਪਾਸੇ ਫ਼ਾਜ਼ਿਲਕਾ ਦੇ 24 ਪਿੰਡਾਂ ਵਿੱਚ ਹਾਲਾਤ ਖ਼ਰਾਬ ਹਨ। ਕਈ ਪਿੰਡਾਂ ਤੋਂ ਲੋਕ ਪਲਾਇਨ ਕਰਨ ਲੱਗ ਪਏ ਹਨ। NDRF ਦੀਆਂ 4 ਟੀਮਾਂ ਨੂੰ ਬੁਲਾਇਆ ਗਿਆ ਹੈ। ਫ਼ਿਰੋਜ਼ਪੁਰ ਵਿੱਚ 50 ਤੋਂ ਵੱਧ ਸਰਹੱਦੀ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ। ਹੁਸੈਨੀਵਾਲਾ ਸ਼ਹੀਦੀ ਸਮਾਰਕ ਪਾਣੀ ਵਿੱਚ ਡੁੱਬ ਗਿਆ। ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ 7 ਹੋਰ ਸਕੂਲਾਂ ਵਿੱਚ 27 ਤੱਕ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਹਾਈ ਅਲਰਟ ‘ਤੇ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਨੀਵੇਂ ਇਲਾਕਿਆਂ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ।
ਫਿਰੋਜ਼ਪੁਰ ਵਿੱਚ ਬੀਐਸਐਫ ਦੀਆਂ ਤਿੰਨ ਚੌਕੀਆਂ ਡੁੱਬ ਗਈਆਂ ਹਨ। ਇਨ੍ਹਾਂ ਵਿੱਚੋਂ ਪੋਸਟ ਟੈਂਟ ਵਾਲਾ, ਪੁਰਾਣੀ ਗਜਨੀ ਵਾਲਾ ਅਤੇ ਚੌਕੀ ਜੋਗਿੰਦਰ ਸਿੰਘ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਹੁਸੈਨੀਵਾਲਾ ਸਰਹੱਦ ‘ਤੇ ਸਥਿਤ ਸ਼ਹੀਦੀ ਸਮਾਰਕ ਵੀ ਹੜ੍ਹ ਦੀ ਲਪੇਟ ‘ਚ ਆ ਗਿਆ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਾਤਾ ਦਾ ਮਕਬਰਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਹੈ।
ਇਹ ਵੀ ਪੜ੍ਹੋ : SBI ਦਾ ਗਾਹਕਾਂ ਨੂੰ ਤੋਹਫ਼ਾ, ਇਸ ਕਮਾਲ ਦੇ ਵਿਆਜ ਵਾਲੀ FD ਸਕੀਮ ਦੀ ਡੈੱਡਲਾਈਨ ਵਧਾਈ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤੀਰਥ ਪੋਸਟ ਪਾਣੀ ‘ਚ ਡੁੱਬ ਗਈ ਸੀ। ਇੱਥੋਂ 50 ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਰਹੱਦੀ ਖੇਤਰ ਵਿੱਚ ਕਈ ਥਾਵਾਂ ’ਤੇ ਕੰਡਿਆਲੀ ਤਾਰ ਧਸ ਗਈ ਹੈ। ਪਿੰਡ ਰਾਜੋਕੇ ਗੱਟੀ ਵਿੱਚ ਪਿੰਡ ਵਾਸੀਆਂ ਨੇ ਗੱਡੀਆਂ ਦੀਆਂ ਟਿਊਬਾਂ ਨੂੰ ਮੰਜੇ ’ਤੇ ਬੰਨ੍ਹ ਕੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਉਨ੍ਹਾਂ ਦੇ ਘਰਾਂ ਵਿੱਚ ਚਾਰ ਤੋਂ ਪੰਜ ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ। ਕਈ ਪਿੰਡ ਵਾਸੀਆਂ ਦੇ ਪਸ਼ੂ ਪਾਕਿਸਤਾਨ ਵੱਲ ਰੁੜ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: