ਅੰਮ੍ਰਿਤਸਰ : ਸਰਬੱਤ ਦਾ ਭਲਾ ਟਰੱਸਟ ਪੰਜਾਬ ਦੇ ਸਰਪ੍ਰਸਤ ਅਤੇ ਕਾਰੋਬਾਰੀ ਡਾ: ਐਸ ਪੀ ਸਿੰਘ ਓਬਰਾਏ ਨੇ ਵਿਲੱਖਣ ਯਾਤਰਾ ਕੀਤੀ ਹੈ। 60 ਸਾਲਾ ਓਬਰਾਏ, ਜੋ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਨੇ 23 ਜੂਨ ਨੂੰ ਏਅਰ ਇੰਡੀਆ ਦੇ 342 ਸੀਟਾਂ ਵਾਲੇ ਜਹਾਜ਼ ਵਿਚ ਇਕੱਲੇ ਅੰਮ੍ਰਿਤਸਰ ਤੋਂ ਦੁਬਈ ਦੀ ਯਾਤਰਾ ਕਰਨ ਦਾ ਆਨੰਦ ਲਿਆ। ਉਨ੍ਹਾਂ ਤੋਂ ਇਲਾਵਾ ਜਹਾਜ਼ ਵਿਚ ਸਿਰਫ ਚਾਲਕ ਹੀ ਮੌਜੂਦ ਸੀ। ਡਾ. ਓਬਰਾਏ ਦੁਬਈ ਵਿਚ ਮੁਸੀਬਤਾਂ ਵਿਚ ਭਾਰਤੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ।
ਦਸ ਸਾਲ ਦੇ ਵੀਜ਼ਾ ਧਾਰਕ ਡਾ. ਓਬਰਾਏ ਦਾ ਦੁਬਈ ਵਿੱਚ ਕਾਰੋਬਾਰ ਹੈ। ਉਥੇ ਦੀ ਸਰਕਾਰ ਨੇ ਕੋਵਿਡ ਕਾਰਨ ਲੋਕਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾਈ ਹੈ। ਇਸ ਕਾਰਨ, ਉਹ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਦਖਲ ਤੋਂ ਬਾਅਦ ਦੁਬਈ ਦੀ ਯਾਤਰਾ ਕਰਨ ਦੇ ਯੋਗ ਹੋ ਸਕੇ ਸਨ। ਇਸ ਤੋਂ ਪਹਿਲਾਂ 19 ਮਈ ਨੂੰ ਇਕ ਹੋਰ ਭਾਰਤੀ ਮੂਲ ਦੇ ਕਾਰੋਬਾਰੀ ਭਾਵੇਸ਼ ਜਾਵੇਰੀ ਨੂੰ ਵੀ ਅਮੀਰਾਤ ਏਅਰਲਾਇੰਸ ਦੇ 360 ਸੀਟਰ ਜਹਾਜ਼ ਵਿਚ ਮੁੰਬਈ ਤੋਂ ਦੁਬਈ ਲਈ ਇਕੱਲੇ ਯਾਤਰਾ ਕਰਨ ਦਾ ਮੌਕਾ ਮਿਲਿਆ ਸੀ। ਡਾ. ਓਬਰਾਏ ਨੇ 740 ਡੀਰੀਹਮਸ (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਰੁਪਏ ਕਰੀਬ 14900 ਦੇ ਕੇ ਇਹ ਯਾਤਰਾ ਕੀਤੀ ਹੈ। ਡਾ. ਓਬਰਾਏ ਨੇ ਇਸ ਯਾਦਗਾਰ ਯਾਤਰਾ ਲਈ ਸੰਯੁਕਤ ਅਰਬ ਅਮੀਰਾਤ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ, ਜ਼ਮੀਨ ਦੇ ਲਾਲਚ ‘ਚ ਪੋਤੇ ਨੇ ਦਾਦੇ ਦਾ ਕੀਤਾ ਬੇਰਹਿਮੀ ਨਾਲ ਕਤਲ
ਆਪਣੇ ਅਨੋਖੇ ਤਜਰਬੇ ਬਾਰੇ ਦੱਸਦਿਆਂ ਓਬਰਾਏ ਨੇ ਕਿਹਾ ਕਿ ਮੈਂ 23 ਜੂਨ ਨੂੰ ਸਵੇਰੇ 4 ਵਜੇ ਅੰਮ੍ਰਿਤਸਰ ਤੋਂ ਦੁਬਈ ਲਈ ਉਡਾਣ ਭਰੀ ਸੀ। ਖੁਸ਼ਕਿਸਮਤੀ ਨਾਲ ਮੈਂ ਉਸ ਉਡਾਣ ਵਿਚ ਇਕਲੌਤਾ ਯਾਤਰੀ ਸੀ। ਪੂਰੀ ਯਾਤਰਾ ਦੌਰਾਨ ਮੈਂ ਮਹਾਰਾਜਾ ਵਾਂਗ ਮਹਿਸੂਸ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਮੇਰੇ ਨਾਲ ਸਿਰਫ ਚਾਲਕ ਦਲ ਹੀ ਮੌਜੂਦ ਸੀ ਅਤੇ ਮੈਂ ਖਾਲੀ ਜਹਾਜ਼ ਦੀ ਤਸਵੀਰ ਵੀ ਲਈ। ਮੈਂ ਚਾਲਕ ਦਲ ਦੇ ਮੈਂਬਰਾਂ ਅਤੇ ਪਾਇਲਟਾਂ ਦੇ ਨਾਲ ਤਸਵੀਰਾਂ ਵੀ ਲਈਆਂ। ਓਬਰਾਏ ਨੇ ਦੱਸਿਆ ਕਿ ਮੇਰੇ ਕੋਲ ਯਾਤਰਾ ਨਾਲ ਜੁੜੇ ਸਾਰੇ ਦਸਤਾਵੇਜ਼ ਅਤੇ ਯੂਏਈ ਤੋਂ ਅਧਿਕਾਰਤ ਟੀਕਾਕਰਨ ਸਰਟੀਫਿਕੇਟ ਸਨ। ਪਰ, ਏਅਰ ਇੰਡੀਆ ਨੇ ਸਫਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ, ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਦਖਲ ‘ਤੇ ਯਾਤਰਾ ਦੀ ਆਗਿਆ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਹੜਤਾਲ ‘ਤੇ ਰਹਿਣਗੇ ਸਰਕਾਰੀ ਡਾਕਟਰ, ਜਾਰੀ ਰਹਿਣਗੀਆਂ ਐਮਰਜੈਂਸੀ ਸੇਵਾਵਾਂ