ਸੁਡਾਨ ਵਿੱਚ ਅਰਧ ਸੈਨਿਕ ਬਲ (RSF) ਅਤੇ ਫੌਜ ਵਿਚਾਲੇ 10 ਦਿਨਾਂ ਦੀ ਲੜਾਈ ਵਿੱਚ ਹੁਣ 72 ਘੰਟਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅਮਰੀਕਾ ਅਤੇ ਸਾਊਦੀ ਅਰਬ ਦੀ ਵਿਚੋਲਗੀ ਤੋਂ ਬਾਅਦ ਆਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇੱਕ ਲਿਖਤੀ ਘੋਸ਼ਣਾ ਵਿੱਚ, RSF ਨੇ ਕਿਹਾ ਕਿ ਸੁਡਾਨ ਤੋਂ ਲੋਕਾਂ ਨੂੰ ਕੱਢਣ ਅਤੇ ਨਾਗਰਿਕਾਂ ਦੀ ਆਵਾਜਾਈ ਲਈ ਲੜਾਈ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਫੈਸਲਾ ਕੀਤਾ ਗਿਆ ਹੈ।
ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੱਸਿਆ ਕਿ ਇਹ ਜੰਗਬੰਦੀ ਲਗਾਤਾਰ ਦੋ ਦਿਨਾਂ ਤੱਕ ਚੱਲੀ ਗੱਲਬਾਤ ਦਾ ਨਤੀਜਾ ਹੈ। ਇਨ੍ਹਾਂ 72 ਘੰਟਿਆਂ ‘ਚ ਦੋਹਾਂ ਧਿਰਾਂ ਵਿਚਾਲੇ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਮੇਂ ਦੌਰਾਨ ਲੋਕ ਹਸਪਤਾਲਾਂ ਅਤੇ ਜ਼ਰੂਰਤ ਵਾਲੀਆਂ ਥਾਵਾਂ ‘ਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਬਾਕੀ ਦੇਸ਼ ਆਪਣੇ ਨਾਗਰਿਕਾਂ ਨੂੰ ਸੂਡਾਨ ਤੋਂ ਕੱਢਣ ਲਈ ਆਪਰੇਸ਼ਨ ਚਲਾ ਰਹੇ ਹਨ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਤ ਨੂੰ ਸ਼ੁਰੂ ਹੋਈ ਜੰਗਬੰਦੀ ਕਾਰਨ ਸੂਡਾਨ ਤੋਂ ਬਾਹਰਲੇ ਦੇਸ਼ ਆਪਣੇ ਲੋਕਾਂ ਨੂੰ ਕੱਢਣ ਦਾ ਕੰਮ ਤੇਜ਼ੀ ਨਾਲ ਕਰ ਸਕਣਗੇ। ਹੁਣ ਤੱਕ ਸਿਰਫ਼ ਸਪੇਨ, ਜਾਰਡਨ, ਇਟਲੀ, ਫਰਾਂਸ, ਡੈਨਮਾਰਕ ਹੀ ਆਪਣੇ ਲੋਕਾਂ ਨੂੰ ਸੂਡਾਨ ਵਿੱਚੋਂ ਕੱਢਣ ਵਿੱਚ ਕਾਮਯਾਬ ਹੋਏ ਹਨ। ਸੰਯੁਕਤ ਰਾਸ਼ਟਰ ਮੁਤਾਬਕ ਇਸ ਲੜਾਈ ‘ਚ ਹੁਣ ਤੱਕ 427 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3700 ਲੋਕ ਜ਼ਖਮੀ ਹਨ। ਨਾਲ ਹੀ ਹੁਣ ਤੱਕ ਵੱਖ-ਵੱਖ ਦੇਸ਼ਾਂ ਦੇ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੂਡਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਚ ਮੁੜ ਦਾਖਲ ਹੋਇਆ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ, ਸਰਚ ਆਪਰੇਸ਼ਨ ਸ਼ੁਰੂ
ਕੇਂਦਰ ਸਰਕਾਰ ਨੇ ਵਿਵਾਦਗ੍ਰਸਤ ਸੂਡਾਨ ਤੋਂ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਹੈ। ਜੰਗਬੰਦੀ ਦੇ ਲਾਗੂ ਹੋਣ ਨਾਲ ਭਾਰਤ ਜਲਦੀ ਹੀ ਇਸ ਅਫਰੀਕੀ ਦੇਸ਼ ਵਿੱਚ ਫਸੇ ਆਪਣੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਸਕਦਾ ਹੈ। ਸੋਮਵਾਰ ਨੂੰ ਕੋਚੀ ‘ਚ ਯੁਵਮ ਕਨਕਲੇਵ ਨੂੰ ਸੰਬੋਧਨ ਕਰਦੇ ਹੋਏ PM ਮੋਦੀ ਨੇ ਕਿਹਾ ਸੀ ਕਿ ‘ਸੂਡਾਨ ‘ਚ ਘਰੇਲੂ ਯੁੱਧ ਕਾਰਨ ਸਾਡੇ ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਲਿਆਉਣ ਲਈ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਹੈ।
ਦੇਸ਼ ‘ਚ ਹਿੰਸਾ, ਤਣਾਅ ਅਤੇ ਅਸੁਰੱਖਿਅਤ ਹਵਾਈ ਅੱਡਿਆਂ ਕਾਰਨ ਵਿਦੇਸ਼ੀ ਨਾਗਰਿਕਾਂ ਨੂੰ ਕੱਢਣਾ ਮੁਸ਼ਕਿਲ ਹੋ ਰਿਹਾ ਹੈ। ਇਸ ਦੌਰਾਨ, ਨੀਮ ਫੌਜੀ ਰੈਪਿਡ ਸਪੋਰਟ ਫੋਰਸਿਜ਼ (RSF) ਰਾਜਧਾਨੀ ਖਾਰਤੂਮ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਸੇ ਹੋਏ ਵਿਦੇਸ਼ੀ ਨਾਗਰਿਕਾਂ ਵਿੱਚ ਲਗਭਗ 3,000 ਭਾਰਤੀ ਸ਼ਾਮਲ ਹਨ। ਇਸ ਦੇ ਨਾਲ ਹੀ ਕੇਰਲ ਦੇ ਰਹਿਣ ਵਾਲੇ 48 ਸਾਲਾ ਅਲਬਰਟ ਅਗਸਟੀਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਪਾਣੀ, ਭੋਜਨ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: