ਮੋਗਾ : ਮੋਗਾ ਪੁਲਿਸ ਨੇ ਐਤਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਇੱਕ ਬਦਨਾਮ ਗੈਂਗਸਟਰ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਕਾਰਜਸ਼ੀਲ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਸਾਥੀ ਹੈ। ਉਸ ਕੋਲੋਂ ਇੱਕ ਟੋਇਟਾ ਫਾਰਚੂਨਰ, ਹਥਿਆਰ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਜਾਣਕਾਰੀ ਅਨੁਸਾਰ ਕੇਟੀਐਫ ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਅਰਸ਼ ਡਾਲਾ ਡੇਰਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿਚ ਪੁਜਾਰੀ ‘ਤੇ ਫਾਇਰ ਕਰਨ, ਸੁੱਖਾ ਲੰਮੇ ਕਤਲ ਅਤੇ ਸੁਪਰਸ਼ਾਈਨ ਕਤਲ ਕੇਸ ਵਿਚ ਮੁੱਖ ਦੋਸ਼ੀ ਹੈ। ਉਸ ਖਿਲਾਫ ਮੋਗਾ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਚੋਰੀ, ਨਸ਼ਿਆਂ, ਲੁੱਟਾਂ ਦੇ ਵੱਖ ਵੱਖ ਕੇਸ ਦਰਜ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਸਮਾਲਸਰ ਪੁਲਿਸ ਨੇ 19 ਜੂਨ ਨੂੰ ਗ੍ਰਿਫਤਾਰ ਕੀਤੇ ਤਿੰਨ ਵਿਅਕਤੀਆਂ ਰਾਜਾ ਸਿੰਘ, ਇਕਬਾਲ ਸਿੰਘ ਉਰਫ ਘਾਲੂ ਅਤੇ ਹਰਮਨਪ੍ਰੀਤ ਸਿੰਘ ਉਰਫ ਗੈਰੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸੂਰਜ ਰੌਂਤਾ ਨੂੰ ਗ੍ਰਿਫਤਾਰ ਕੀਤਾ ਹੈ, ਸੂਰਜ ਨੇ ਇਨ੍ਹਾਂ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰ ਵੇਚੇ ਸਨ। ਸੂਰਜ ਕੋਲੋਂ ਇੱਕ ਐਸਯੂਵੀ ਟੋਯੋਟਾ ਫਾਰਚੂਨਰ ਰਜਿਸਟ੍ਰੇਸ਼ਨ ਨੰਬਰ ਐਚਆਰ 29 ਏਏ 7070, ਤਿੰਨ ਹਥਿਆਰ ਸਮੇਤ ਇਕ .315 ਬੋਰ ਪਿਸਤੌਲ, ਇਕ .32 ਬੋਰ ਪਿਸਤੌਲ ਅਤੇ ਇਕ .32 ਬੋਰ ਰਿਵਾਲਵਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਖਤਰਾ : ਜਲੰਧਰ ‘ਚ ਸੰਡੇ ਬਾਜ਼ਾਰ ਨੇ ਪੁਲਿਸ ਲਵਾਈਆਂ ਦੌੜਾਂ, ਵਧਦੀ ਭੀੜ ਵੇਖ ਕੀਤੀ ਕਾਰਵਾਈ
ਸੂਰਜ ਤੋਂ ਮੁੱਢਲੀ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਅਰਸ਼ ਡਾਲਾ ਭਾਰਤ ਆਇਆ ਸੀ ਤਾਂ ਉਸ ਦੇ ਸੰਪਰਕ ਵਿੱਚ ਸੀ। ਉਹ ਮੋਗਾ ਸ਼ਹਿਰ ਵਿੱਚ ਸੁਪਰਸ਼ਾਈਨ ਕਤਲ ਦੀ ਸਾਜਿਸ਼ ਰਚ ਰਿਹਾ ਸੀ। ਅਰਸ਼ ਨੇ ਉਸਨੂੰ ਵੀ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਸੀ। ਐਸਐਸਪੀ ਨੇ ਦੱਸਿਆ ਫਿਲਹਾਲ ਸੂਰਜ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਆਧਾਰ ‘ਤੇ ਜਾਂਚ ਕੀਤੀ ਜਾਵੇਗੀ।