ਬੁੱਧਵਾਰ ਨੂੰ ਦਿੱਲੀ ਦੇ ਮੇਅਰ ਚੋਣ ‘ਚ ਭਾਰੀ ਉਥਲ-ਪੁਥਲ ਵੇਖਣ ਨੂੰ ਮਿਲੀ। ਭਾਜਪਾ ਉਮੀਦਵਾਰ ਸ਼ਿਖਾ ਰਾਏ ਨੇ ਵੋਟਿੰਗ ਤੋਂ ਠੀਕ ਪਹਿਲਾਂ ਮੈਦਾਨ ਛੱਡ ਦਿੱਤਾ, ਜਿਸ ਨਾਲ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਸ਼ੈਲੀ ਓਬਰਾਏ ਨੂੰ ਬਿਨਾਂ ਮੁਕਾਬਲਾ ਮੇਅਰ ਚੁਣਿਆ ਗਿਆ।
ਜਾਣਕਾਰੀ ਮੁਤਾਬਕ ਚੋਣ ‘ਚ ਹਿੱਸਾ ਲੈਣ ਲਈ ਸਦਨ ‘ਚ ਪਹੁੰਚੀ ਭਾਜਪਾ ਉਮੀਦਵਾਰ ਸ਼ਿਖਾ ਰਾਏ ਨੇ ਵੋਟਿੰਗ ਤੋਂ ਪਹਿਲਾਂ ਹੀ ਚੋਣ ‘ਚੋਂ ਆਪਣਾ ਨਾਂ ਵਾਪਸ ਲੈ ਲਿਆ। ਇਸ ਤੋਂ ਬਾਅਦ ‘ਆਪ’ ਦੀ ਉਮੀਦਵਾਰ ਸ਼ੈਲੀ ਓਬਰਾਏ ਨੂੰ ਮੇਅਰ ਚੁਣਿਆ ਗਿਆ। ਨਾਂ ਵਾਪਸ ਲੈਂਦਿਆਂ ਸ਼ਿਖਾ ਰਾਏ ਨੇ ਕਿਹਾ ਕਿ ਨਿਗਮ ਦੀ ਸਥਾਈ ਕਮੇਟੀ ਬਣਾਈ ਜਾਵੇ। ਵੋਟ ਪਾਉਣ ਆਏ ਸਾਰੇ ਲੋਕਾਂ ਦਾ ਧੰਨਵਾਦ।
ਸ਼ੈਲੀ ਓਬਰਾਏ ਅੱਜ ਦੂਜੀ ਵਾਰ ਦਿੱਲੀ ਦੀ ਮੇਅਰ ਚੁਣੀ ਗਈ ਹੈ। ਇਸ ਤੋਂ ਪਹਿਲਾਂ ਉਹ 22 ਫਰਵਰੀ ਨੂੰ ਦਿੱਲੀ ਦੀ ਮੇਅਰ ਚੁਣੀ ਗਈ ਸੀ। ਉਨ੍ਹਾਂ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫਰਕ ਨਾਲ ਹਰਾਇਆ। ਸ਼ੈਲੀ ਨੂੰ 150 ਵੋਟਾਂ ਮਿਲੀਆਂ, ਜਦਕਿ ਰੇਖਾ ਨੂੰ ਕੁੱਲ 266 ਵੋਟਾਂ ‘ਚੋਂ 116 ਵੋਟਾਂ ਮਿਲੀਆਂ।
ਦੱਸ ਦੇਈਏ ਕਿ ਦਿੱਲੀ ਵਿੱਚ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਅਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸ਼ਿਖਾ ਰਾਏ ਵਿਚਾਲੇ ਸਿੱਧਾ ਮੁਕਾਬਲਾ ਸੀ। ਦਿੱਲੀ ਨਗਰ ਨਿਗਮ ‘ਚ ‘ਆਪ’ ਦੀ ਸਰਕਾਰ ਹੈ।
ਇਹ ਵੀ ਪੜ੍ਹੋ : ਸਾਬਕਾ CM ਦੀ ਅੰਤਿਮ ਵਿਦਾਈ, ਦਾਦੇ ਨੂੰ ਵੇਖ ਭਾਵੁਕ ਹੋਇਆ ਪੋਤਾ, ਹਜ਼ਾਰਾਂ ਲੋਕ ਪਹੁੰਚੇ ਆਖਰੀ ਦਰਸ਼ਨਾਂ ਨੂੰ (ਤਸਵੀਰਾਂ)
ਦਿੱਲੀ ਵਿੱਚ ਮੇਅਰ ਦੇ ਅਹੁਦੇ ਲਈ ਚੋਣਾਂ ਰੋਟੇਸ਼ਨ ਦੁਆਰਾ ਹਰ ਇੱਕ ਸਾਲ ਦੇ ਪੰਜ ਕਾਰਜਕਾਲ ਲਈ ਹੁੰਦੀਆਂ ਹਨ। ਪਹਿਲੇ ਸਾਲ ਮੇਅਰ ਦਾ ਅਹੁਦਾ ਔਰਤਾਂ ਲਈ ਹੁੰਦਾ ਹੈ, ਜਦਕਿ ਤੀਜੇ ਸਾਲ ਇਹ ਰਾਖਵੀਂ ਸ਼੍ਰੇਣੀ ਲਈ ਹੁੰਦਾ ਹੈ। ਹੋਰ ਤਿੰਨ ਸਾਲਾਂ (ਦੂਜੇ, ਚੌਥੇ ਅਤੇ ਪੰਜਵੇਂ) ਵਿੱਚ ਇਹ ਅਹੁਦਾ ਅਣਰਾਖਵੀਂ ਸ਼੍ਰੇਣੀ ਲਈ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: