ਲੁਧਿਆਣਾ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਆਂਚਲ, ਜੋ ਕਿ ਸਕੂਲ ਤੋਂ ਪੇਪਰ ਦੇਣ ਤੋਂ ਬਾਅਦ ਘਰ ਜਾਂਦੀ ਹੋਈ ਲਾਪਤਾ ਹੋ ਗਈ ਸੀ, ਨੂੰ ਉਸ ਦੇ ਪ੍ਰੇਮੀ ਨੇ ਗਲਾ ਘੁੱਟ ਕੇ ਮਾਰ ਦਿੱਤਾ ਸੀ। ਮੁਲਜ਼ਮ ਉਸ ਨੂੰ ਵਰਗਲਾ ਕੇ ਆਪਣੇ ਕਿਰਾਏ ਦੇ ਕਮਰੇ ਵਿੱਚ ਲੈ ਗਿਆ। ਦੋਵਾਂ ਵਿਚ ਝਗੜਾ ਹੋ ਗਿਆ ਅਤੇ ਦੋਸ਼ੀ ਨੇ ਵਿਦਿਆਰਥਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਆਪਣੇ ਤਿੰਨ ਦੋਸਤਾਂ ਰਾਹੀਂ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ।
ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੇ ਕਬਜ਼ੇ ’ਚੋਂ ਮੋਟਰਸਾਈਕਲ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਆਂਚਲ ਦੇ ਪ੍ਰੇਮੀ ਪਿੰਡ ਤਾਪੁਰ ਵਾਸੀ ਪ੍ਰੇਮ ਪਾਸਵਾਨ, ਅਜੀਤ ਕੁਮਾਰ, ਵਿਕਾਸ ਕੁਮਾਰ ਅਤੇ ਨੀਰਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਆਂਚਲ ਡਵੀਜ਼ਨ ਤਿੰਨ ਨੇੜੇ ਸਥਿਤ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦਾ ਪ੍ਰੇਮ ਪਾਸਵਾਨ ਨਾਲ ਪ੍ਰੇਮ ਸਬੰਧ ਸੀ। ਪ੍ਰੇਮ ਨੂੰ ਸ਼ੱਕ ਸੀ ਕਿ ਆਂਚਲ ਕੁਝ ਹੋਰ ਨੌਜਵਾਨਾਂ ਨਾਲ ਵੀ ਗੱਲ ਕਰਦੀ ਹੈ, ਜਿਸ ਕਰਕੇ ਉਨ੍ਹਾਂ ਦਾ ਕਈ ਵਾਰ ਆਪਸ ਵਿੱਚ ਝਗੜਾ ਹੋਇਆ ਸੀ। ਆਂਚਲ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਗੱਲ ‘ਤੇ ਸ਼ੱਕ ਸੀ, ਇਸ ਲਈ ਉਨ੍ਹਾਂ ਨੇ ਕਰੀਬ 15 ਦਿਨ ਪਹਿਲਾਂ ਆਂਚਲ ਦਾ ਫੋਨ ਆਪਣੇ ਕੋਲ ਲੈ ਕੇ ਰੱਖ ਲਿਆ ਸੀ।
ਪ੍ਰੇਮ ਤੇ ਆਂਚਲ ਦੀ ਗੱਲ ਨਹੀਂ ਹੁੰਦੀ ਸੀ ਤਾਂ ਪ੍ਰੇਮ ਦਾ ਸ਼ੱਕ ਹੋਰ ਵੀ ਵਧਦਾ ਜਾ ਰਿਹਾ ਸੀ। ਘਟਨਾ ਵਾਲੇ ਦਿਨ ਪ੍ਰੇਮ ਸਮਰਾਲਾ ਚੌਂਕ ‘ਤੇ ਸੀ, ਜਦੋਂ ਆਂਚਲ ਆਟੋ ਰਿਕਸ਼ਾ ‘ਚ ਬੈਠ ਕੇ ਘਰ ਲਈ ਰਵਾਨਾ ਹੋਇਆ ਤਾਂ ਦੋਸ਼ੀ ਪ੍ਰੇਮ ਉਸ ਨੂੰ ਰਸਤੇ ਤੋਂ ਵਰਗਲਾ ਕੇ ਪਿੰਡ ਤਾਜਪੁਰ ਸਥਿਤ ਆਪਣੇ ਕਮਰੇ ‘ਚ ਲੈ ਗਿਆ। ਉੱਥੇ ਹੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਫਿਰ ਝਗੜਾ ਹੋ ਗਿਆ, ਫਿਰ ਦੋਸ਼ੀ ਪ੍ਰੇਮ ਨੇ ਆਂਚਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਦੋਸ਼ੀ ਲਾਸ਼ ਕਮਰੇ ‘ਚ ਛੱਡ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਭਾਰਤ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਟੀ-20 ਵਿਸ਼ਵ ਕੱਪ, ਫਾਈਨਲ ‘ਚ 2 ਬੱਲੇਬਾਜ਼ਾਂ ਨੇ ਲਗਾਏ ਸੈਂਕੜੇ
ਕਤਲ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ ਅਤੇ ਲਾਸ਼ ਨੂੰ ਟਿਕਾਣੇ ਲਾਉਣ ਪਲਾਨਿੰਗ ਬਣਾਈ। ਆਂਚਲ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪ੍ਰੇਮ ਨੇ ਆਪਣੇ ਦੋਸਤਾਂ ਅਜੀਤ ਕੁਮਾਰ, ਵਿਕਾਸ ਕੁਮਾਰ ਅਤੇ ਨੀਰਜ ਕੁਮਾਰ ਨੂੰ ਇਸ ਬਾਰੇ ਦੱਸਿਆ ਅਤੇ ਆਪਣੇ ਆਪ ਬਚਾਉਣ ਲਈ ਗਿੜਗਿੜਾਉਣ ਲੱਗਾ। ਦੋਸ਼ੀਆਂ ਨੇ ਯੋਜਨਾ ਬਣਾਈ ਕਿ ਆਂਚਲ ਦੀ ਲਾਸ਼ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਦੇ ਚਲਦੇ ਅਜੀਤ ਨੇ ਆਪਣੇ ਸਾਈਕਲ ‘ਤੇ ਵਿਕਾਸ ਨਾਲ ਮਿਲ ਕੇ ਸਵੇਰੇ 3 ਵਜੇ ਦੇ ਕਰੀਬ ਪਿੰਡ ਭਾਮੀਆਂ ਕਲਾਂ ਦੀ ਭੈਣੀ ਕਾਲੋਨੀ ਦੇ ਖੇਤਾਂ ‘ਚ ਆਂਚਲ ਦੀ ਲਾਸ਼ ਸੁੱਟ ਦਿੱਤੀ, ਜਦਕਿ ਪ੍ਰੇਮ ਅਤੇ ਨੀਰਜ ਨੇ ਉਸ ਦਾ ਬੈਗ ਅਤੇ ਹੋਰ ਸਾਮਾਨ ਕਿਸੇ ਹੋਰ ਜਗ੍ਹਾ ‘ਤੇ ਸੁੱਟ ਦਿੱਤਾ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਥਿਊਰੀਆਂ ’ਤੇ ਕੰਮ ਕੀਤਾ ਹੈ। ਪੁਲਿਸ ਨੇ ਇਸ ਕਤਲ ਕੇਸ ਨੂੰ ਸੁਲਝਾਉਣ ਲਈ ਕਈ ਟੀਮਾਂ ਬਣਾਈਆਂ ਸਨ। ਪੁਲਿਸ ਨੇ ਜਦੋਂ ਕਈ ਇਲਾਕਿਆਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਦੋਸ਼ੀ ਪ੍ਰੇਮ ਬਾਰੇ ਕੁਝ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲਿਸ ਹੱਥ ਲੀਡ ਲੱਗੀ ਤਾਂ ਪੁਲਿਸ ਨੇ ਕੜੀ ਨਾਲ ਕੜੀ ਜੋੜ ਕੇ ਸਾਰੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਅਜੀਤ ਦੇ ਕਬਜ਼ੇ ‘ਚੋਂ ਬਾਈਕ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਪੁਲਿਸ ਬਾਕੀ ਸਾਮਾਨ ਦੀ ਬਰਾਮਦਗੀ ਵਿੱਚ ਜੁਟੀ ਹੈ।