ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਬੰਧਾਂ ਰਿਸ਼ਤਿਆਂ ਨੂੰ ਸ਼ਰਮਸਾਰ ਵਾਲੀ ਵਾਰਦਾਤ ਸਾਹਮਣੇ ਆਈਈ ਹੈ, ਜਿਥੇ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਸਾਰੰਗਦਾ ਵਿਖੇ ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਪੁੱਤ ਨੇ ਆਪਣੇ ਪਿਓ ਨੂੰ ਹੀ ਕਤਲ ਕਰ ਦਿੱਤਾ।
ਨਸ਼ੇ ਲਈ ਪੈਸੇ ਨਾ ਮਿਲਣ ‘ਤੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਗੁਆਂਢੀ ਰਣਜੀਤ ਸਿੰਘ ਉਰਫ ਰਾਣਾ ’ਤੇ ਜਸਵਿੰਦਰ ਨੂੰ ਘਰ ਵਿੱਚ ਝਗੜਾ ਕਰਨ ਲਈ ਉਕਸਾਉਣ ਦੇ ਦੋਸ਼ ਲੱਗੇ ਹਨ। ਜਸਵਿੰਦਰ ਅਤੇ ਰਣਜੀਤ ਦੋਵੇਂ ਫਰਾਰ ਹਨ।
ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਲੋਪੋਕੇ ਦੀ ਪੁਲਿਸ ਨੇ ਜਸਵਿੰਦਰ ਸਿੰਘ ਅਤੇ ਗੁਆਂਢੀ ਰਣਜੀਤ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਲੋਪੋਕੇ ਥਾਣੇ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਵੰਤ ਕੌਰ ਨੇ ਦੱਸਿਆ ਕਿ ਪਿੰਡ ਵਿਚ ਪਤੀ ਸੁਖਚੈਨ ਦੇ ਨਾਮ ‘ਤੇ ਕੁਝ ਜ਼ਮੀਨ ਹੈ। ਵੱਡਾ ਪੁੱਤਰ ਜਸਵਿੰਦਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਨਸ਼ਿਆਂ ਦਾ ਸ਼ਿਕਾਰ ਹੈ, ਜਿਸ ਕਾਰਨ ਉਹ ਅਕਸਰ ਪਿਤਾ ਸੁਖਚੈਨ ਤੋਂ ਪੈਸੇ ਮੰਗਦਾ ਸੀ ਅਤੇ ਨਸ਼ੇ ਲਈ ਪੈਸੇ ਨਾ ਮਿਲਣ ‘ਤੇ ਝਗੜਾ ਕਰਦਾ ਸੀ।
ਗੁਆਂਢ ਵਿੱਚ ਰਹਿਣ ਵਾਲਾ ਰਣਜੀਤ ਸਿੰਘ ਉਰਫ ਰਾਣਾ ਉਸ ਨੂੰ ਆਪਣੇ ਪਿਤਾ ਤੋਂ ਪੈਸੇ ਮੰਗਣ ਲਈ ਉਕਸਾਉਂਦਾ ਹੈ। ਕੁਝ ਸਮਾਂ ਪਹਿਲਾਂ ਸੁਖਚੈਨ ਸਿੰਘ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤਾ ਸੀ। ਜਸਵਿੰਦਰ ਸਿੰਘ ਨੂੰ ਪਤਾ ਸੀ ਕਿ ਘਰ ਵਿਚ ਪੈਸੇ ਰੱਖੇ ਹੋਏ ਸਨ। ਇਸ ਲਈ ਉਸਨੇ ਰੋਜ਼ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ, ਪਰ ਸੁਖਚੈਨ ਨੇ ਪੈਸੇ ਨਹੀਂ ਦਿੱਤੇ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਮਾਮਲੇ ‘ਚ ਹੈਰਾਨੀਜਨਕ ਖੁਲਾਸੇ- ਕੈਨੇਡਾ ‘ਚ ਬੈਠਾ ਗਿੰਦੀ ਜੈਪਾਲ ਲਈ ਤਿਆਰ ਕਰਦਾ ਸੀ ਬੰਦੇ
ਸੋਮਵਾਰ ਦੁਪਹਿਰ ਨੂੰ ਵੀ ਜਸਵਿੰਦਰ ਨੇ ਪੈਸੇ ਮੰਗੇ। ਜਦੋਂ ਪਿਤਾ ਸੁਖਚੈਨ ਨੇ ਇਨਕਾਰ ਕਰ ਦਿੱਤਾ ਤਾਂ ਉਹ ਝਗੜਾ ਕਰਨ ਲੱਗ ਪਿਆ ਅਤੇ ਇਸੇ ਦੌਰਾਨ ਉਸਨੇ ਪਿਤਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਜਦੋਂ ਤੱਕ ਕੋਈ ਵੀ ਕੁਝ ਕਰ ਸਕਦਾ, ਸੁਖਚੈਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਜਸਵਿੰਦਰ ਵੀ ਮੌਕੇ ਤੋਂ ਭੱਜ ਗਿਆ ਸੀ।