ਇਸਲਾਮਾਬਾਦ : ਪਾਕਿਸਤਾਨ ਦੀ ਫੌਜ ‘ਤੇ ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ਨੇੜੇ ਲਗਾਤਾਰ ਹਮਲੇ ਹੋ ਰਹੇ ਹਨ। ਤਾਲਿਬਾਨ ਨੂੰ ਪਾਕਿਸਤਾਨ ਵਿੱਚ ਪਨਾਹ ਦੇਣ ਦੀ ਕੀਮਤ ਵੀ ਹੁਣ ਪਾਕਿਸਾਨ ਨੂੰ ਭੁਗਤਣੀ ਪੈ ਰਹੀ ਹੈ। ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਅਫ਼ਾਨਿਸਤਾਨ ਵੱਲੋਂ ਪਾਕਿਸਤਾਨ ‘ਤੇ ਹਮਲੇ ਕਰਕੇ ਘੱਟੋ-ਘੱਟ 5 ਪਾਕਿਸਤਾਨੀ ਫੌਜੀਆਂ ਦੀ ਜਾਣ ਲੈ ਲਈ।
ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਅਫਗਾਨਿਸਤਾਨ ‘ਚ ਅੱਤਵਾਦੀਆਂ ਨੇ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਖੈਬਰ-ਪਖਤੂਨਖਵਾ ਸੂਬੇ ਦੇ ਕੁਰਮ ਜ਼ਿਲ੍ਹੇ ‘ਚ ਪਾਕਿਸਤਾਨੀ ਫੌਜ ‘ਤੇ ਗੋਲੀਬਾਰੀ ਕੀਤੀ।
ਇੱਕ ਰਿਪੋਰਟ ਮੁਤਾਬਕ ਇਹ ਹਮਲਾ ਦੱਖਣੀ-ਪੱਛਮੀ ਪਾਕਿਸਤਾਨ ਵਿੱਚ ਬਲੋਚ ਵੱਖਵਾਦੀਆਂ ਦੇ ਹਮਲੇ ਤੋਂ ਇੱਕ ਦਿਨ ਬਾਅਦ ਹੋਇਆ। ਇਸ ਹਮਲੇ ਵਿੱਚ 9 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਤਹਿਰੀਕ-ਏ-ਤਾਲਿਬਾਨ-ਪਾਕਿਸਤਾਨ (ਟੀ.ਟੀ.ਪੀ.) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਮਲੇ ‘ਚ 6 ਪਾਕਿਸਤਾਨੀ ਫੌਜੀ ਮਾਰੇ ਗਏ ਹਨ ਪਰ ਪਾਕਿਸਤਾਨੀ ਫੌਜ ਨੇ ਸਿਰਫ 5 ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਪਾਕਿਸਤਾਨੀ ਫੌਜ ਨੇ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਨੇ ਮੂੰਹਤੋੜ ਜਵਾਬ ਦਿੱਤਾ ਅਤੇ ਖੁਫੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਤਹਿਰੀਕ-ਏ-ਤਾਲਿਬਾਨ ਇੱਕ ਅੱਤਵਾਦੀ ਸੰਗਠਨ ਹੈ ਜੋ ਪਾਕਿਸਤਾਨ ਵਿੱਚ ਵਧਿਆ ਸੀ, ਜਿਸ ਦਾ ਸਬੰਧ ਤਾਲਿਬਾਨ ਨਾਲ ਹੈ ਜੋ ਕਈ ਸਾਲ ਪਹਿਲਾਂ ਅਮਰੀਕੀ ਹਮਲੇ ਤੋਂ ਬਾਅਦ ਅਫਗਾਨਿਸਤਾਨ ਤੋਂ ਪਾਕਿਸਤਾਨ ਭੱਜ ਗਏ ਸਨ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਹਿਰੀਕ-ਏ-ਤਾਲਿਬਾਨ ਨੇ ਪਾਕਿਸਤਾਨ ਵਿਚ ਵੀ ਆਪਣਾ ਸਿਰ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਮਹੀਨੇ ਦੇ ਅਖੀਰ ਵਿੱਚ ਅਸ਼ਾਂਤ ਦੱਖਣੀ-ਪੱਛਮੀ ਬਲੂਚਿਸਤਾਨ ਸੂਬੇ ਦੇ ਜਾਫਰਾਬਾਦ ਜ਼ਿਲ੍ਹੇ ਵਿੱਚ ਇੱਕ ਗ੍ਰੇਨੇਡ ਹਮਲਾ ਹੋਇਆ ਸੀ। ਇਸ ਹਮਲੇ ‘ਚ ਪਾਕਿਸਤਾਨ ਪੁਲਿਸ ਦੇ ਦੋ ਜਵਾਨਾਂ ਸਮੇਤ ਘੱਟੋ-ਘੱਟ 17 ਲੋਕ ਜ਼ਖਮੀ ਹੋ ਗਏ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੇਂਜੋ ਅਤੇ ਬਲੋਚਿਸਤਾਨ ਅਸੈਂਬਲੀ ਦੇ ਸਪੀਕਰ ਮੀਰ ਜਾਨ ਮੁਹੰਮਦ ਖਾਨ ਜਮਾਲੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ‘ਅੱਤਵਾਦੀ ਘਟਨਾ’ ਕਰਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਅਸ਼ਾਂਤ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਦੇ ਕੇਚ ਜ਼ਿਲੇ ‘ਚ ਸੁਰੱਖਿਆ ਬਲਾਂ ਦੀ ਇਕ ਜਾਂਚ ਚੌਕੀ ‘ਤੇ ਅੱਤਵਾਦੀਆਂ ਦੁਆਰਾ ਕੀਤੇ ਗਏ ਵੱਡੇ ਹਮਲੇ ‘ਚ 10 ਜਵਾਨ ਸ਼ਹੀਦ ਹੋ ਗਏ ਸਨ। ਪਾਕਿਸਤਾਨੀ ਫੌਜ ਦੇ ਮੀਡੀਆ ਵਿਭਾਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈ.ਐੱਸ.ਪੀ.ਆਰ.) ਨੇ ਕਿਹਾ ਸੀ ਕਿ ਅੱਤਵਾਦੀਆਂ ਨੇ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਇਹ ਹਮਲਾ ਕੀਤਾ ਸੀ। ਫੌਜ ਮੁਤਾਬਕ ਇਸ ਹਮਲੇ ‘ਚ 10 ਜਵਾਨ ਸ਼ਹੀਦ ਹੋ ਗਏ ਜਦਕਿ ਫੌਜ ਦੀ ਜਵਾਬੀ ਕਾਰਵਾਈ ‘ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ।