ਅਮਰੀਕਾ ਦੇ ਸਕੂਲ ਵਿੱਚ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਟੇਨੇਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਦੇ ਇਕ ਈਸਾਈ ਸਕੂਲ ਵਿਚ ਔਡਰੇ ਹੇਲ ਨਾਂ ਦੀ 28 ਸਾਲਾ ਔਰਤ ਨੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਵਿਦਿਆਰਥੀ ਵੀ ਸ਼ਾਮਲ ਹਨ। ਗੋਲੀ ਲੱਗਣ ਕਾਰਨ ਇਹ ਸਾਰੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਮਲੇ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ 15 ਮਿੰਟਾਂ ਦੇ ਅੰਦਰ ਹੀ ਹਮਲਾਵਰ ਔਰਤ ਨੂੰ ਮਾਰ ਮੁਕਾਇਆ। ਖਬਰਾਂ ਮੁਤਾਬਕ ਸਕੂਲ ਦਾ ਨਾਂ ਦਿ ਕੌਵੈਂਟ ਸਕੂਲ ਦੱਸਿਆ ਜਾ ਰਿਹਾ ਹੈ।
ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ। ਬਾਈਡੇਨ ਨੇ ਇਸ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਨੂੰ ‘ਬੀਮਾਰੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਬੰਦੂਕ ਹਿੰਸਾ ਤੋਂ ਰੋਕਣ ਲਈ ਮਜ਼ਬੂਤ ਕਦਮ ਚੁੱਕਣੇ ਹੋਣਗੇ। ਬੰਦੂਕ ਹਿੰਸਾ ਰਾਸ਼ਟਰ ਦੀ ਆਤਮਾ ਨੂੰ ਫੱਟੜ ਕਰ ਰਹੀ ਹੈ, ਨਾਲ ਹੀ ਬਾਈਡੇਨ ਨੇ ਅਣਰੀਕੀ ਕਾਂਗਰਸ ਨੂੰ ਹਥਿਆਰਾਂ ‘ਤੇ ਪਾਬੰਦੀ ਲਾਉਣ ਲਈ ਕਿਹਾ।
ਪੁਲਿਸ ਨੇ ਕਿਹਾ ਕਿ ਔਡਰੇ ਹੇਲ ਟਰਾਂਸਜੈਂਡਰ ਸੀ। ਉਹ ਔਰਤ ਵਜੋਂ ਪੈਦਾ ਹੋਈ ਸੀ, ਪਰ ਉਸ ਦੇ ਲਿੰਕਡਇਨ ਪ੍ਰੋਫਾਈਲ ਮੁਤਾਬਕ ਉਹ ਮਰਦ ਵਜੋਂ ਖੁਦ ਦੀ ਪਛਾਣ ਦੱਸਦੀ ਹੈ ਅਤੇ ਇੱਕ ਮਰਦ ਦੇ ਰੂਪ ਵਿੱਚ ਰਹਿ ਰਹੀ ਹੈ। ਹਾਲਾਂਕਿ ਪੁਲਿਸ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਇਸੇ ਸਕੂਲ ਦੀ ਸਾਬਕਾ ਵਿਦਿਆਰਥਣ ਸੀ।
ਪੁਲਿਸ ਨੇ ਉਸ ਕੋਲ ਸਕੂਲ ਦੇ ਨਕਸ਼ੇ ਵੀ ਹਾਸਲ ਕਰ ਲਏ ਹਨ ਅਤੇ ਉਹ ਕਈ ਦਿਨਾਂ ਤੋਂ ਸਕੂਲ ਦਾ ਸਰਵੇਖਣ ਵੀ ਕਰ ਰਹੀ ਸੀ। ਪੁਲਿਸ ਨੇ ਦੱਸਿਆ ਕਿ ਉਸ ਦੇ ਕੋਲ ਮਿਲੇ ਕੁਝ ਕਾਗਜ਼ਾਂ ‘ਚ ਕਿਸੇ ਹੋਰ ਥਾਂ ਦਾ ਜ਼ਿਕਰ ਕੀਤਾ ਗਿਆ ਸੀ ਪਰ ਉਥੇ ਭਾਰੀ ਸੁਰੱਖਿਆ ਕਾਰਨ ਹਮਲਾ ਨਾ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : ਦੇਸ਼ ‘ਚ ਪਹਿਲੀ ਵਾਰ ChatGPT ਦੀ ਵਰਤੋਂ, ਹਾਈਕੋਰਟ ਨੇ ਦੋਸ਼ੀ ਦੀ ਜਮ਼ਾਨਤ ਕੀਤੀ ਖਾਰਿਜ
ਔਰਤ ਵੱਲੋਂ ਗੋਲੀ ਚਲਾਉਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਖਬਰਾਂ ਮੁਤਾਬਕ ਪੁਲਿਸ ਨੂੰ ਘਟਨਾ ਦੀ ਸੂਚਨਾ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਮਿਲੀ। ਦੋਸ਼ੀ ਸਕੂਲ ਦੀ ਇਮਾਰਤ ਦੇ ਸਾਈਡ ਦਰਵਾਜ਼ੇ ਰਾਹੀਂ ਦਾਖਲ ਹੋਈ ਸੀ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਮਾਰ ਦਿੱਤਾ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: