Akal Takht gave a clean chit : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਸ਼ਲੀਲ ਵੀਡੀਓ ਮਾਮਲੇ ‘ਚ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। 31 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਚਰਨਜੀਤ ਸਿੰਘ ਚੱਢਾ ਦੇ ਕੇਸ ਨੂੰ ਵਿਚਾਰਨ ਉਪਰੰਤ ਚੱਢਾ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਰੋਕ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਖ਼ਤਮ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਦਸੰਬਰ 2017 ਵਿਚ ਚਰਨਜੀਤ ਸਿੰਘ ਚੱਢਾ ਅਤੇ ਦੀਵਾਨ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਅਸ਼ਲੀਲ ਹਰਕਤਾਂ ਵਾਲੀ ਵੀਡੀਓ ਵਾਇਰਲ ਹੋਈ ਸੀ। ਜਿਸ ‘ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਸਖ਼ਤੀ ਨਾਲ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਚੱਢਾ ਨੂੰ ਜਿੱਥੇ ਚੀਫ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਤੋਂ ਹਟਾਇਆ, ਉਥੇ ਹੀ ਮੁਢਲੀ ਮੈਬਰਸ਼ਿਪ ਖਤਮ ਕੀਤੀ ਅਤੇ ਕਿਸੇ ਵੀ ਧਾਰਮਿਕ ਸੰਸਥਾ ਦੇ ਮੁਖੀ ਵਜੋਂ ਅਹੁਦਾ ਲੈਣ ਅਤੇ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਸਟੇਜ ਤੇ ਬੋਲਣ ਉੱਤੇ ਰੋਕ ਲਗਾ ਦਿੱਤੀ ਸੀ। ਇਹ ਰੋਕ 23 ਜਨਵਰੀ 2018 ਨੂੰ ਦੋ ਸਾਲ ਲਈ ਲਗਾਈ ਗਈ ਸੀ। ਤਿੰਨ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੱਢਾ ‘ਤੇ ਸ੍ਰੀ ਅਕਾਲ ਸਾਹਿਬ ਵੱਲੋਂ ਰੋਕ ਹਟਾ ਦਿੱਤੀ ਗਈ ਹੈ, ਜਿਸ ਦੀ ਚਿੱਠੀ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।