ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ। ਭਾਜਪਾ ਨੇ ਅਮਨਜੋਤ ਕੌਰ ਰਾਮੂਵਾਲੀਆ ਨੂੰ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਸਾਬਕਾ ਕੌਮੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਦੱਸਿਆ ਹੈ।
ਅਮਨਜੋਤ ਕੌਰ ਰਾਮੂਵਾਲੀਆ ਦੇ ਬੀ. ਜੇ. ਪੀ. ‘ਚ ਸ਼ਾਮਿਲ ਹੋਣ ‘ਤੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਹ ਉਨ੍ਹਾਂ ਦੀ ਧੀ ਨਹੀਂ ਹੈ, ਉਸ ਨਾਲ ਮੇਰਾ ਰਾਜਨੀਤਕ ਹੀ ਨਹੀਂ ਬਲਕਿ ਪਿਉ-ਧੀ ਵਾਲਾ ਰਿਸ਼ਤਾ ਵੀ ਖ਼ਤਮ ਹੋ ਗਿਆ ਹੈ। ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੇ ਬੀ. ਜੇ. ਪੀ. ‘ਚ ਸ਼ਾਮਿਲ ਹੋਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਰਾਮੂਵਾਲੀਆ ਨੇ ਕਿਹਾ ਇਹ ਬੀ. ਜੇ. ਪੀ. ਵਾਲਿਆਂ ਦੀ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਉਸ ਦੀ ਧੀ ਨੇ ਬੀ. ਜੇ. ਪੀ. ‘ਚ ਸ਼ਾਮਿਲ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਕੁੱਲ ਅਤੇ ਉਸ ਦੀ ਪੱਗ ਨੂੰ ਬਹੁਤ ਵੱਡਾ ਦਾਗ ਲਗਾਇਆ ਹੈ।
ਰਾਮੂਵਾਲੀਆ ਨੇ ਕਿਹਾ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਵਜੋਂ ਉਹ ਉੱਤਰ ਪ੍ਰਦੇਸ਼ (ਯੂਪੀ) ਦੇ 14 ਤਰਾਈ ਜ਼ਿਲ੍ਹਿਆਂ ਦਾ ਕੰਮ ਦੇਖ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ ਲਈ ਬੀਜੇਪੀ ਨੇ ਇਹ ਵੱਡੀ ਸਾਜ਼ਿਸ਼ ਰਚੀ ਤਾਂ ਜੋ ਮੈਂ ਦੁਖੀ ਹੋ ਸਕਾਂ। ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਕੋਈ ਰਾਜਨੀਤਕ ਕਰੀਅਰ ਨਹੀਂ ਹੈ। ਉਹ ਸਿਰਫ ਪਰਿਵਾਰ ਦੀ ਇੱਕ ਐਨਜੀਓ ਵਿੱਚ ਕੰਮ ਕਰਦੀ ਸੀ।
ਅਮਨਜੋਤ ਕੌਰ ਰਾਮੂਵਾਲੀਆ ਦੇ ਨਾਲ, ਅਕਾਲੀ ਦਲ ਦੇ ਸਾਬਕਾ ਕੌਮੀ ਸੰਗਠਨ ਸਕੱਤਰ ਗੁਰਪ੍ਰੀਤ ਸਿੰਘ ਸ਼ਾਹਪੁਰ, ਸਾਬਕਾ ਉਪ ਪ੍ਰਧਾਨ ਚੰਦ ਸਿੰਘ ਚੱਠਾ, ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜਿੰਦਰ ਸਿੰਘ ਦਕੋਹਾ, ਅਕਾਲੀ ਦਲ ਐਸਸੀ ਵਿੰਗ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਪ੍ਰੀਤਮ ਸਿੰਘ ਨੇ ਵੀ ਹੈੱਡਕੁਆਰਟਰ ਵਿਚ ਪਾਰਟੀ ਜੁਆਇਨ ਕੀਤੀ। ਇਹ ਸ਼ਾਮਲ ਹੋਣਾ ਉਸ ਸਮੇਂ ਹੋਇਆ ਹੈ ਜਦੋਂ ਪੰਜਾਬ ਦੇ ਕਿਸਾਨ ਖੇਤੀਬਾੜੀ ਸੁਧਾਰ ਕਾਨੂੰਨਾਂ ਕਾਰਨ ਭਾਜਪਾ ਦਾ ਵਿਰੋਧ ਕਰ ਰਹੇ ਹਨ। ਭਾਜਪਾ ਨੇਤਾਵਾਂ ਨੂੰ ਕੋਈ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਇੱਥੋਂ ਤੱਕ ਕਿ ਕਮਰੇ ਵਿੱਚ ਮੀਟਿੰਗ ਵੀ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਹੋਇਆ ਸਰਗਰਮ, ਵਾਹਨਾਂ ਦੇ ਸਾਰੇ ਵਿੰਟੇਜ ਨੰਬਰਾਂ ਨੂੰ ਰੱਦ ਕਰਨ ਹੁਕਮ ਕੀਤੇ ਜਾਰੀ, ਡਾਟਾ ਨਹੀਂ ਹੈ ਆਨਲਾਈਨ