Attempt to force a student : ਪਟਿਆਲਾ ਜ਼ਿਲ੍ਹੇ ਵਿੱਚ ਟਿਊਸ਼ਨ ਤੋਂ ਆਟੋ ਵਿੱਚ ਘਰ ਪਰਤ ਰਹੀ ਵਿਦਿਆਰਥਣ ਨਾਲ ਆਟੋ ਡਰਾਈਵਰ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਵੱਲੋਂ ਵਿਰੋਧ ਕਰਨ ’ਤੇ ਉਸ ਨੇ ਪੇਚਕਸ ਨਾਲ ਉਸ ’ਤੇ ਵਾਰ ਕੀਤੇ ਅਤੇ ਫਿਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਖੂਨ ਨਾਲ ਲਥਪਥ ਲੜਕੀ ਨੂੰ ਦੇਖ ਕੇ ਲੋਕਾਂ ਵੱਲੋਂ ਉਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਦੋਸ਼ੀ ਆਟੋ ਡਰਾਈਵਰ 24 ਸਾਲਾ ਸੁਖਦੇਵ ਸਿੰਘ ਨਿਵਾਸੀ ਪਿੰਡ ਅਲੀਪੁਰ ਅਰਾਈਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ 19 ਅਕਤੂਬਰ ਦੁਪਿਹਰ ਇੱਕ ਵਜੇ ਦੇ ਕਰੀਬ ਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਫਰਾਰ ਹੈ ਅਤੇ ਉਸ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਬਾਰੇ ਪੀੜਤਾ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹਨ ਲਈ ਬਹਾਦੁਰਗੜ ਆਉਂਦੀ ਸੀ ਅਤੇ ਰੋਜ਼ ਵਾਂਗ ਆਟੋ ਰਾਹੀਂ ਦਨੌਕਲਾ ਪਿੰਡ ਪਰਤਦੀ ਸੀ। ਆਟੋ ਚਾਲਕ ਇਕੱਲਾ ਬੈਠਾ ਸੀ, ਆਟੋ ਚਾਲਕ ਹਾਈਵੇ ਰੋਡ ’ਤੇ ਆਟੋ ਚਲਾਉਣ ਦੀ ਬਜਾਏ ਆਟੋ ਨੂੰ ਸਲਿੱਪ ਰੋਡ ਵੱਲ ਮੋੜ ਗਿਆ ਅਤੇ ਅਚਾਨਕ ਆਟੋ ਰੋਕ ਲਿਆ ਅਤੇ ਪਿਛਲੀ ਸੀਟ ’ਤੇ ਬੈਠ ਗਿਆ। ਆਟੋ ਵਿਚ ਬੈਠਣ ਤੋਂ ਬਾਅਦ, ਡਰਾਈਵਰ ਨੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ’ਤੇ ਪੀੜਤਾ ਨੇ ਰੌਲਾ ਪਾਇਆ। ਰੌਲਾ ਪਾਉਣ ਤੋਂ ਬਾਅਦ ਆਟੋ ਡਰਾਈਵਰ ਨੇ ਪੇਚਕਸ ਕੱਢ ਕੇ ਉਸ ਦੀ ਗਰਦਨ ’ਤੇ ਮਾਰੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ।
ਹੰਗਾਮਾ ਸੁਣਦਿਆਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਦੀ ਮਦਦ ਨਾਲ ਪੀੜਤਾ ਦੇ ਪਿਤਾ ਨੂੰ ਮੌਕੇ ‘ਤੇ ਬੁਲਾਇਆ ਗਿਆ। ਘਰ ਦੇ ਨਜ਼ਦੀਕ ਹੋਣ ਕਰਕੇ ਲੜਕੀ ਦਾ ਪਿਤਾ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ, ਜਿਸ ਨੇ ਉਸ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਬਾਰੇ ਡੀਐਸਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ ਨੇ ਕਿਹਾ ਕਿ ਉਹ ਆਟੋ ਚਾਲਕ ਯੂਨੀਅਨ ਨਾਲ ਤਾਲਮੇਲ ਕਰਨਗੇ ਤਾਂ ਜੋ ਇਨ੍ਹਾਂ ਦੀ ਪਛਾਣ ਨੂੰ ਵਧੇਰੇ ਜਨਤਕ ਬਣਾਇਆ ਜਾ ਸਕੇ। ਆਟੋਜ਼ ਵਿਚ ਇਕੱਲੇ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਫੋਨ ਤੇ ਪਰਿਵਾਰ ਨਾਲ ਨਿਰੰਤਰ ਸੰਪਰਕ ਵਿਚ ਰਹਿਣਾ ਚਾਹੀਦਾ ਹੈ।