ਚੰਡੀਗੜ੍ਹ: ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਬਾਅਦ ਕੈਪਟਨ ਦੇ ਹਿਮਾਇਤੀ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ, ਜਿਨ੍ਹਾਂ ਵਿੱਚ ਬਲਬੀਰ ਸਿੱਧੂ ਵੀ ਸ਼ਾਮਲ ਹਨ। ਉਹ ਪੰਜਾਬ ਵਿੱਚ ਸਿਹਤ ਮੰਤਰੀ ਸਨ।
ਮੰਤਰੀ ਮੰਡਲ ਵਿੱਚੋਂ ਕੱਢੇ ਜਾਣ ‘ਤੇ ਅੱਜ ਬਲਬੀਰ ਸਿੱਧੂ ਨੇ ਆਪਣਾ ਦਰਦ ਬਿਆਨ ਕੀਤਾ। ਰਾਹੁਲ ਗਾਂਧੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਸੂਚੀ ਵਿੱਚੋਂ ਬਲਬੀਰ ਸਿੱਧੂ ਦਾ ਨਾਂ ਬਾਹਰ ਕੱਢਣ ‘ਤੇ ਉਨ੍ਹਾਂ ਹਾਈਕਮਾਨ ਨੂੰ ਅਜਿਹਾ ਕਰਨ ‘ਤੇ ਸਵਾਲ ਕੀਤਾ ਕਿ ਉਹ ਦੱਸਣ ਕਿ ਸਾਡਾ ਕਸੂਰ ਕੀ ਸੀ। ਇਸ ਦੇ ਨਾਲ ਹੀ ਬਲਬੀਰ ਸਿੱਧੂ ਨੇ ਮੋਹਾਲੀ ਵਿੱਚ ਮੈਡੀਕਲ ਕਾਲਜ ਦੀ ਸ਼ੁਰੂ ਹੋਣ ਜਾ ਰਹੀ ਕਲਾਸ ਲਈ ਸ਼ਹਿਰਵਾਸੀਆਂ ਨੂੰ ਵਧਾਈ ਦਿੱਤੀ।
ਬਲਬੀਰ ਸਿੱਧੂ ਨੇ ਕਿਹਾ ਕਿ ਅਸੀਂ ਸੋਨੀਆ ਗਾਂਧੀ ਅਤੇ ਹਾਈਕਮਾਂਡ ਦੁਆਰਾ ਲਏ ਗਏ ਫੈਸਲੇ ਨੂੰ ਸਵੀਕਾਰ ਕਰਦੇ ਹਾਂ ਅਤੇ ਜਦੋਂ ਸਾਨੂੰ ਨੇਤਾ ਚੁਣਨ ਲਈ ਵੋਟ ਪਾਉਣ ਲਈ ਕਿਹਾ ਸੀ ਤਾਂ ਅਸੀਂ ਅਸੀਂ ਕਿਹਾ ਸੀ ਕਿ ਸੋਨੀਆ ਗਾਂਧੀ ਜਿਸ ਨੂੰ ਵੋਟ ਕਰਨਗੇ ਉਹੀ ਸਾਡੀ ਵੋਟ ਹੋਵੇਗੀ। ਇਸ ਤੋਂ ਪਹਿਲਾਂ ਕੈਪਟਨ ਦੁਆਰਾ ਬਣਾਏ ਗਏ ਨੇਤਾ ਨੂੰ ਅਸੀਂ ਸਵੀਕਾਰ ਕੀਤਾ। ਹਾਈਕਮਾਨ ਨੇ ਜੋ ਹੁਕਮ ਦਿੱਤਾ ਉਸ ਨੂੰ ਅਸੀਂ ਮੰਨਿਆ ਹੈ।
ਸਿੱਧੂ ਨੇ ਕਿਹਾ ਕਿ ਮੈਨੂੰ 22 ਅਪ੍ਰੈਲ ਨੂੰ ਮੰਤਰੀ ਬਣਾਇਆ ਗਿਆ ਸੀ, ਜਿਸ ਵਿੱਚ ਪਹਿਲਾਂ ਪਸ਼ੂਪਾਲਣ ਤੇ ਲੇਬਰ ਵਿਭਾਗ ਸੀ। ਕਿਰਸਾਨੀ ਨਾਲ ਜੁੜੇ ਹੋਣ ਕਰਕੇ ਮੈਂ ਪਸ਼ੂਪਾਲਣ ਵਿਭਾਗ ਸੰਭਾਲਿਆ ਤੇ 1981 ਵਿੱਚ ਮੋਹਾਲੀ ਆਇਆ।
ਮੈਂ ਪਿੰਡ-ਪਿੰਡ ਜਾ ਕੇ ਸਮੱਸਿਆਵਾਂ ਵੇਖੀਆਂ। 2019 ਵਿੱਚ ਮੈਨੂੰ ਸਿਹਤ ਵਿਭਾਗ ਦਿੱਤਾ ਗਿਆ ਸੀ ਜੋ ਕਿ ਮੇਰੇ ਲਈ ਇੱਕ ਵੱਡੀ ਚੁਣੌਤੀ ਸੀ ਅਤੇ ਮੇਰੇ ਕੱਦ ਤੋਂ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਸੀ। , ਅੱਜ ਪੰਜਾਬ ਦੇ ਹਾਲਾਤ ਵੇਖੋ ਜਿਸ ਵਿੱਚ ਮੈਂ 5600 ਲੋਕਾਂ ਦੀ ਭਰਤੀ ਕੀਤੀ ਹੈ। 8 ਹਜ਼ਾਰ ਲੋਕਾਂ ਨੂੰ ਠੇਕੇ ‘ਤੇ ਭਰਤੀ ਕੀਤਾ ਗਿਆ ਸੀ।
ਬਲਬੀਰ ਸਿੱਧੂ ਨੇ ਆਪਣੇ ਕਾਰਜਕਾਲ ਦੀ ਪ੍ਰਾਪਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਕਾਲ ਵਿੱਚ ਰਾਤ-ਦਿਨ ਇੱਕ ਕਰਕੇ ਡਾਕਟਰੀ ਸਹੂਲਤ ਲੋਕਾਂ ਤੱਕ ਪਹੁੰਚਾਈ। ਅੱਜ ਅਸੀਂ ਮਿਹਨਤ ਨਾਲ ਇਸ ਮਹਾਮਾਰੀ ‘ਤੇ ਕਾਬੂ ਪਾਇਆ। ਪ੍ਰਧਾਨ ਮੰਤਰੀ ਤੱਕ ਨੇ ਮੇਰੇ ਕੰਮ ਦੀ ਸ਼ਲਾਘਾ ਕੀਤੀ। ਇਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਮੇਰੀ ਤਾਰੀਫ ਕੀਤੀ ਗਈ। ਮੈਂ ਖੁਦ ਵੀ ਪਾਜ਼ੀਟਿਵ ਹੋਇਆ, ਜਿਸ ਵਿੱਚ ਮੇਰਾ ਪੂਰਾ ਪਰਿਵਾਰ ਸ਼ਾਮਲ ਹੈ। ਮੈਂ ਸਾਰੇ ਨਵੇਂ ਮੰਤਰੀਆਂ ਨੂੰ ਵਧਾਈ ਦਿੰਦਾ ਹਾਂ ਸਾਨੂੰ ਉਨ੍ਹਾਂ ਤੋਂ ਕੋਈ ਇਤਰਾਜ਼ ਨਹੀਂ, ਆਪਣੀ ਹਾਈਕਮਾਨ ਤੋਂ ਬੱਸ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਾਡਾ ਕਸੂਰ ਕੀ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ਭੜਕੇ ਕਿਸਾਨਾਂ ਨੇ ਅਫਸਰਾਂ ਨੂੰ ਦੱਸਿਆ ‘ਮੁਆਵਜ਼ਾ ਖਾਣ ਵਾਲੇ ਚੋਰ’, CM ਚੰਨੀ ਨੇ ਖੇਤੀ ਵਿਭਾਗ ਨੂੰ ਦਿੱਤੇ ਇਹ ਹੁਕਮ
ਦੱਸਣਯੋਗ ਹੈ ਕਿ ਚੰਨੀ ਦੀ ਕੈਬਨਿਟ ਤੋਂ ਕੈਪਟਨ ਦਾ ਸਾਥ ਦੇਣ ਵਾਲੇ ਪੰਜ ਮੰਤਰੀਆਂ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ, ਜੋ ਕੈਪਟਨ ਦੀ ਕੈਬਨਿਟ ਵਿੱਚ ਸਨ ਨੂੰ ਬਾਹਰ ਕਰ ਦਿੱਤਾ ਗਿਆ ਹੈ ਉਥੇ ਹੀ ਸੱਤ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ।