Barnala SSP reported Corona Positive : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਸੂਬੇ ਵਿਚ ਬਰਨਾਲਾ ਦੇ ਐਸਐਸਪੀ ਸਣੇ 38, ਅੰਮ੍ਰਿਤਸਰ ਤੋਂ 113 ਮਾਮਲੇ ਅਤੇ ਦੋ ਮੌਤਾਂ ਹੋਈਆਂ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ 41 ਮਾਮਲੇ ਸਾਹਮਣੇ ਆਏ ਅਤੇ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਬਰਨਾਲਾ ਤੋਂ ਐਸਐਸਪੀ ਸੰਦੀਪ ਗੋਇਲ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਇਸ ਦੇ ਨਾਲ ਹੀ ਬਲਾਕ ਧਨੌਲਾ ਤੋਂ 3, ਬਲਾਕ ਤਪਾ ਤੋਂ 2, ਬਲਾਕ ਮਹਿਲ ਕਲਾਂ ਤੋਂ 3 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਗਰਭਵਤੀ ਔਰਤ ਵੀ ਸ਼ਾਮਲ ਹੈ। ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਦੇ 477 ਮਾਮਲੇ ਸਰਗਰਮ ਹਨ ਅਤੇ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਥੇ ਹੀ ਅੰਮ੍ਰਿਤਸਰ ’ਚ ਅੱਜ ਜਿਥੇ ਦੋ ਮੌਤਾਂ ਹੋ ਗਈਆਂ ਉਥੇ ਹੀ ਵੱਡੀ ਗਿਣਤੀ ਵਿਚ 113 ਮਾਮਲੇ ਸਾਹਮਣੇ ਆਏ ਹਨ। ਅੱਜ ਸਾਹਮਣੇ ਆਏ ਮਾਮਲਿਆਂ ਵਿਚ ਸਰਕਾਰੀ ਡੈਂਟਲ ਕਾਲਜ ਦੇ ਤਿੰਨ ਡਾਕਟਰ ਵੀ ਸ਼ਾਮਲ ਹਨ। ਇਨ੍ਹਾਂ ਡਾਕਟਰਾਂ ਦੇ ਪਾਜ਼ੀਟਿਵ ਆਉਣ ਤੋਂਬਾਅਦ ਓਰਲ ਸਰਜਰੀ ਦਾ ਥਿਏਟਰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਤਿੰਨ ਹੋਰ ਡਾਕਟਰਾਂ ਦੇ ਵੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਵਿਚੋਂ ਕੋਰੋਨਾ ਦੇ 3809 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2986 ਰਿਕਵਰ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 669 ਮਾਮਲੇ ਐਕਟਿਵ ਹਨ।
ਉਧਰ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ ਅੱਜ ਫਿਰ 41 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ 75 ਸਾਲਾ ਵਿਅਕਤੀ ਮਲੋਟ ਦਾ ਰਹਿਣ ਵਾਲਾ ਸੀ ਅਤੇ ਇਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਇਸ ਨੇ ਦਮ ਤੋੜ ਦਿੱਤਾ। ਉਥੇ ਹੀ ਜ਼ਿਲ੍ਹੇ ਵਿਚ ਅੱਜ ਸਾਹਮਣੇ ਆਏ ਮਾਮਲੇ ਬੂੜਾ ਗੁੱਜਰ, ਮਲੋਟ, ਗਿੱਦੜਬਾਹਾ, ਕੇਸ ਚੌਂਤਰਾ, ਪਿੰਡ ਖਾਨੇ ਕੀ ਢਾਬ, ਪਿੰਡ ਬਾਦਲ, ਪਿੰਡ ਬਰੀਵਾਲਾ ਤੇ ਪਿੰਡ ਗੁਰੂਸਰ ਜੋਧਾਂ ਨਾਲ ਸਬੰਧਤ ਹਨ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀ ਨਾਰਾਇਣ ਸਿੰਘ ਨੇ ਕੀਤੀ।