ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸੰਗਰੂਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਮੂਹ ਵੋਟਰਾਂ ਦੇ ਨਾਂ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਹੀ ਵੋਟ ਪਾਉਣ, ਜੋਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਚੋਣ ਲੜ ਰਹੀ ਹੈ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸਾਂਝਾ ਉਮੀਦਵਾਰ ਐਲਾਨਿਆ ਹੈ।
ਭਾਈ ਰਾਜੋਆਣਾ ਨੇ ਚਿੱਠੀ ਵਿੱਚ ਕਿਹਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ, ਤੁਸੀਂ ਇਸ ਵਾਰ ਆਪਣੀ ਇੱਕ-ਇੱਕ ਕੀਮਤੀ ਵੋਟ ਸੱਚ ਲਈ, ਇਨਸਾਫ ਲਈ ਅਤੇ ਬੰਦੀ ਸੰਘਾਂ ਦੀ ਰਿਹਾਈ ਲਈ ਕਰਨਾ। ਤੁਹਾਡੇ ਵੱਲੋਂ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਪਾਈ ਹੋਈ ਇੱਕ-ਇੱਕ ਵੋਟ ਤੁਹਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹੋਇਆ ਹਾਅ ਦਾ ਨਾਅਰਾ ਹੋਵੇਗੀ, ਕੇਂਦਰ ਸਰਕਾਰ ਨੂੰ ਇੱਕ ਸੁਨੇਹਾ ਹੋਵੇਗੀ ਕਿ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰੇਗੀ।
ਚਿੱਠੀ ਵਿੱਚ ਭਾਈ ਰਾਜੋਆਣਾ ਨੇ ਆਪਣੇ ਸੰਘਰਸ਼ ਦਾ ਬਿਆਨ ਕਰਦੇ ਹੋਏ ਲਿਖਿਆ ਕਿ “80 ਦੇ ਦਹਾਕੇ ਵਿੱਚ ਦਿੱਲੀ ਦੇ ਤਖਤ ‘ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਹੱਸਦੀ-ਵੱਸਦੀ ਪਵਿੱਤਰ ਧਰਤੀ ਨੂੰ ਆਪਣੀਆਂ ਘਿਨੌਣੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਬਣਾਇਆ। ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। 1984 ਵਿੱਚ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖਾਂ ਦੀਆਂ ਹਜ਼ਾਰਾਂ ਧੀਆਂ-ਭੈਣਾਂ ਦੀ ਬੇਪੱਤੀ ਕਰਕੇ ਉਨ੍ਹਾਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਗਿਆ।, ਇਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਨੂੰ ਇਨਸਾਫ ਦੇਣ ਤੋਂ ਮੁਨਕਰ ਹੋ ਕੇ ਕਰੋੜਾਂ ਸਿੱਖਾਂ ਦੇ ਹਿਰਿਆਂ ਨੂੰ ਲਹੂ-ਲੁਹਾਣ ਕਰ ਦਿੱਤਾ।
ਗੁਰੂ ਧਾਮਾਂ ਦੇ ਹੋਏ ਅਪਮਾਨ ਦਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਹਜ਼ਾਰਾਂ ਅਣਖੀ ਨੌਜਵਾਨ ਦੇ ਰਾਹ ਤੁਰ ਪਏ, ਉਨ੍ਹਾਂ ਵਿੱਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਤੇ ਭਰਾ ਭਾਈ ਹਰਪਿੰਦਰ ਸਿੰਘ ਗੋਲਡੀ ਵੀ ਸੀ। ਇਸ ਕਰਕੇ ਪਰਿਵਾਰ ਨੂੰ ਬਹੁਤ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਸਾਡੇ ਭੈਣ ਜੀ ਬੀਬੀ ਅਮਨਦੀਪ ਕੌਰ ਜੀ ਨੂੰ ਸਾਡੇ ਘਰ ਆ ਕੇ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਜਿਸ ਦੇ ਵਿਆਹ ਨੂੰ ਅਜੇ ਕੁਝ ਹੀ ਦਿਨ ਹੋਏ ਸਨ। ਸਾਡੇ ਮਾਤਾ-ਪਿਤਾ ਨੂੰ ਵੀ ਬਹੁਤ ਜ਼ਿਆਦਾ ਸਰਕਾਰੀ ਕੁੱਟ-ਮਾਰ, ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਆਪਣੇ ਸਰੀਰਾਂ ‘ਤੇ ਅਸਹਿ ਅਤੇ ਅਕਹਿ ਕਸ਼ਟ ਰਹਿਣੇ ਪਏ। ਉਸ ਤੋੰ ਬਾਅਦ ਭਾਈ ਹਰਪਿੰਦਰ ਸਿੰਘ ਗੋਲਡੀ ਵੀ 18 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।
ਖਾਲਸਾ ਜੀ, 1995 ਵਿੱਚ ਮੇਰੇ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਵੀ ਮੇਰੇ ਇਸ ਪਰਿਵਾਰ ਨੂੰ ਬਹੁਤ ਦੁੱਖ, ਕਸ਼ਟ ਤੇ ਤਸ਼ੱਦਦ ਸਹਿਣਾ ਪਿਆ। ਮੇਰੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਤੱਕ ਮੇਰੀ ਭੈਣ ਬੀਬੀ ਕਮਲਦੀਪ ਕੌਰ ਮੇਰੇ ਨਾਲ ਹੀ ਵਿਚਰ ਰਹੀ ਹੈ। ਇਨ੍ਹਾਂ ਰਾਹਾਂ ‘ਤੇ ਚੱਲਦੇ-ਚੱਲਦੇ ਮੇਰੀ ਭੈਣ ਨੇ ਮੇਰੇ ਲਈ ਜੋ ਕੁਝ ਕੀਤਾ ਮੈਂ ਉਸ ਦਾ ਮੁੱਲ ਕਈ ਜਨਮ ਨਹੀਂ ਉਤਾਰ ਸਕਦਾ। ਮੈਂ ਅਦਾਲਤ ਵਿੱਚ ਖੜ੍ਹ ਕੇ ਕਾਤਲ ਨੂੰ ਕਾਤਲ ਤਾਂ ਹੀ ਕਹਿ ਸਕਿਆ, ਸਿੱਖ ਕੌਮ ‘ਤੇ ਹੋਏ ਜ਼ੁਲਮ ਦੀ ਦਾਸਤਾਨ ਨੂੰ ਅਦਾਲਤ ਦੇ ਹਰ ਪੰਨੇ ‘ਤੇ ਤਾਂ ਹੀ ਲਿਖ ਸਕਿਆ ਕਿਉਂਕਿ ਮੇਰੇ ਨਾਲ ਜਰਨੈਲ ਬਣ ਕੇ ਵਿਚਰਦੀ ਮੇਰੀ ਭੈਣ ਬੀਬੀ ਕਮਲਦੀਰ ਕੌਰ ਰਾਜੋਆਣਾ ਸੀ। ਮੇਰੇ ਜ੍ਲਹ ਵਿੱਚ ਆ ਜਾਣ ਤੋਂ ਬਾਅਦ ਮੇਰੀ ਭੈਣ ਦਾ ਵਿਆਹ ਹੋਇਆ ਤੇ ਦੋ ਬੱਚੇ ਹੋਏ। ਪਰ ਮੇਰੀ ਭੈਣ ਦਾ ਮੇਰੇ ਰਾਹਾਂ ‘ਤੇ ਆਪਣੇ ਬੱਚਿਆਂ ਨਾਲ ਸਫਰ ਅੱਜ ਵੀ ਨਿਰੰਦਰ ਜਾਰੀ ਹੈ। ਮੇਰੇ ਇਨ੍ਹਾਂ ਸੰਘਰਸ਼ ਦੇ ਰਾਹਾਂ ‘ਤੇ ਮੇਰੀ ਭੈਣ ਦੀਆਂ, ਉਸ ਦੇ ਪਰਿਵਾਰ ਦੀਆਂ ਅਤੇ ਬੱਚਿਆਂ ਦੀਆਂ ਖੁਸ਼ੀਆਂ ਵਿਛੀਆਂ ਹੋਈਆਂ ਹਨ। ਮੇਰੀ ਭੈਣ ਦੇ ਬੱਚੇ ਜੇਲ੍ਹ ਦੀਆਂ ਸਲਾਖਾਂ ਨਾਲ ਖੇਡਦੇ-ਖੇਡਦੇ ਵੱਡੇ ਹੋ ਗਏ ਹਨ। ਮੇਰੀ ਭੈਣ ਦੇ ਸੰਘਰਸ਼ ਦੇ ਔਖੇ ਰਾਹਾਂ ਦਾ ਸਫਰ ਅਜੇ ਵੀ ਖਤਮ ਨਹੀਂ ਹੋਇਆ। ਅੱਜ ਵੀ ਮੇਰੇ ਸਾਰੇ ਕੇਸਾਂ ਦੀ ਪੈਰਵੀ ਮੇਰੀ ਭੈਣ ਹੀ ਕਰਦੀ ਹੈ। ਮੈਂ ਫਾਂਸੀ ਦੀ ਚੱਕੀ ਵਿੱਚ ਬੇਵੱਸ ਬੈਠਾ ਆਪਣੀ ਭੈਣ ਲਈ ਕੁਝ ਵੀ ਨਹੀਂ ਕਰ ਪਾ ਰਿਹਾ।
ਖਾਲਸਾ ਜੀ, ਸਮੇਂ ਦੀਆਂ ਸਰਕਾਰਾਂ ਦੀ ਦੋਗਲੀ ਮਾਨਸਿਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਡੇ ਬੰਦੀ ਸਿੰਘਾਂ ਦੀਆਂ ਸਜ਼ਾਕਾਂ 25-25, 30-30, 32-32 ਸਾਲਾਂ ਬਾਅਦ ਵੀ ਪੂਰੀਆਂ ਨਹੀਂ ਹੋ ਪਾ ਰਹੀਆਂ। ਮੈਂ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਾਂ ਅਤੇ ਪਿਛਲੇ 15 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਹਾਰ ਕਰ ਰਿਹਾ ਹਾਂ। ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਪਿਛਲੇ 11 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ। ਦੇਸ਼ ਦੀ ਸੁਪਰੀਮ ਕੋਰਟ ਨੇ 6 ਵਾਰ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਲਈ ਆਦੇਸ਼ ਜਾਰੀ ਕੀਤੇ ਹਨ ਪਰ ਅੱਜ ਤੱਕ ਕੇਂਦਰ ਸਰਾਕਰ ਦੇ ਕੰਨ ‘ਤੇ ਜੂੰ ਵੀ ਨਹੀਂ ਸਕੀ। ਦੂਜੇ ਪਾਸੇ ਇਸ ਦੇਸ਼ ਵਿੱਚ ਹਜ਼ਾਰਾਂ ਨਿਦੋਸ਼ ਸਿੱਖਾਂ ਦਾ ਦਿਨ ਦੇ ਉਜਾਲੇ ਵਿੱਚ ਕਤਲੇਆਮ ਕੀਤਾ ਗਿਆ।
ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੀ ਸੀ। ਪਰ ਅਫਸੋਸ ਕੋਈ ਇੱਕ ਵੀ ਕਾਤਲ 25-25, 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨਹੀਂ ਹੈ। ਜੇ ਕਿਸੇ ਦੋਸ਼ੀ ਨੂੰ ਸਜ਼ਾ ਹੋਈ ਵੀ ਤਾਂ ਉਨ੍ਹਾਂ ਦੀਆਂ ਉਮਰਕੈਦਾਂ ਵੀ 4 ਸਾਲਾਂ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਹਨ। ਦੂਜੇ ਪਾਸੇ ਅਸੀਂ 27 ਸਾਲਾਂ ਦੀ ਜੇਲ੍ਹ ਤੋਂ ਬਾਅਦ ਵੀ ਅਜੇ ਆਪਣੇ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ। ਬਾਕੀ ਬੰਦੀ ਸਿੰਘ 25-25, 30-30, 32-32 ਸਾਲਾਂ ਬਾਅਦ ਆਪਣੀ ਹੋਣ ਵਾਲੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ। ਬਾਕੀ ਬੰਦੀ ਸਿੰਘਾਂ ਦੇ ਦੁੱਖਾਂ, ਦਰਦਾਂ ਅਤੇ ਪਰਿਵਾਰਾਂ ਦੇ ਸੰਤਾਪ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ ਹੈ। ਉਨ੍ਹਾਂ ਦੇ ਵੀ ਉਜੜੇ ਘਰਾਂ ਦੀਆਂ ਉਦਾਸ ਦੀਵਾਰਾਂ ਉਨ੍ਹਾਂ ਦੇ ਘਰ ਵਾਪਿਸ ਆਉਣ ਦਾ ਇੰਤਜ਼ਾਰ ਕਰ ਰਹੀਆਂ ਹਨ।
ਖਾਲਸਾ ਜੀ, ਇਨ੍ਹਾਂ ਬੇਇਨਸਾਫੀਆਂ ਦਾ ਹਿਸਾਬ ਲੈਣ ਲਈ ਹੀ ਸਾਰੀਆਂ ਪੰਥਕ ਧਿਰਾਂ ਨੇ, ਸਿੱਖ ਜਥੇਬੰਦੀਆਂ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਮੇਰੀ ਭੈਣ ਬੀਬੀ ਕਮਲਦੀਪ ਕੌਰ ਨੂੰ ਆਪਣਾ ਸਾਂਝਾ ਉਮੀਦਵਾਰ ਬਣਾਇਆ ਹੈ, ਤਾਂਕਿ ਪਾਰਲੀਮੈਂਟ ਦੇ ਅੰਦਰ ਜਾ ਕੇ ਇਨ੍ਹਾਂ ਬੇਇਨਸਾਫੀਆਂ ਦਾ ਹਿਸਾਬ ਮੰਗਿਆ ਜਾ ਸਕੇ।
ਮੇਰੀ ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਅਸੀਂ ਇਸ ਧਰਤੀ ‘ਤੇ ਸਾਰੇ ਇਕੱਠੇ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ। ਜਦੋਂ ਵੀ ਕਿਸੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਅਸੀਂ ਇਕੱਠੇ ਹੋ ਕੇ ਉਸ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ਾ ਬੁਲੰਦ ਕਰਦੇ ਹਾਂ। ਸਾਡਾ ਸੰਘਰਸ਼ ਕਿਸੇ ਧਰਮ ਜਾਂ ਵਰਗ ਦੇ ਖਿਲਾਫ ਨਹੀਂ ਸੀ। ਸਾਡਾ ਸੰਘਰਸ਼ ਤਾਂ ਕਾਂਗਰਸ ਪਾਰਟੀ ਵੱਲੋਂ ਸਿਰਫ ਸੱਤਾ ਦੀ ਪ੍ਰਾਪਤੀ ਕਰਨ ਲਈ ਇਸ ਧਰਤੀ ‘ਤੇ ਵੱਸਦੇ ਲੋਕਾਂ ਦੇ ਖਿਲਾਫ ਰਚੀਆਂ ਗਈਆਂ ਸਾਜ਼ਿਸ਼ਾਂ ਦੇ ਖਿਲਾਫ ਸੀ, ਜ਼ੁਲਮ ਨੂੰ ਰੋਕਣ ਲਈ ਸੀ। ਅਸੀਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ, ਤੁਸੀਂ ਇਸ ਵਾਰ ਆਪਣੀ ਇੱਕ-ਇੱਕ ਕੀਮਤੀ ਵੋਟ ਸੱਚ ਲਈ, ਇਨਸਾਫ ਲਈ ਅਤੇ ਬੰਦੀ ਸੰਘਾਂ ਦੀ ਰਿਹਾਈ ਲਈ ਕਰਨਾ। ਤੁਹਾਡੇ ਵੱਲੋਂ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਪਾਈ ਹੋਈ ਇੱਕ-ਇੱਕ ਵੋਟ ਤੁਹਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹੋਇਆ ਹਾਅ ਦਾ ਨਾਅਰਾ ਹੋਵੇਗੀ, ਕੇਂਦਰ ਸਰਕਾਰ ਨੂੰ ਇੱਕ ਸੁਨੇਹਾ ਹੋਵੇਗੀ ਕਿ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰੇਗੀ। ਇਸ ਲਈ ਸੱਚ ਦੇ, ਇਨਸਾਫ ਦੇ ਇਸ ਸੰਘਰਸ਼ ਵਿੱਚ ਤੁਹਾਡੇ ਵੱਡਮੁੱਲੇ ਸਹਿਯੋਗ ਦੀ ਜ਼ਰੂਰਤ ਹੈ।
ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਇਸ ਜ਼ਿਮਨੀ ਚੋਣ ਲਈ ਤੁਹਾਡੇ ਸਾਹਮਣੇ ਪੰਜ ਉਮੀਦਵਾਰ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਹੈ ਕੇਜਰੀਵਾਲ ਤੇ ਰਾਘਵ ਚੱਢਾ ਵਰਗੇ ਲੋਕਾਂ ਦੇ ਹੱਥ ਮਜ਼ਬੂਤ ਕਰਨਾ, ਜਿਹੜੇ ਦਿੱਲੀ ਬੈਠ ਕੇ ਪੰਜਾਬ ਦੇ ਲੋਕਾਂ ‘ਤੇ ਰਾਜ ਕਰ ਰਹੇ ਹਨ ਅਤੇ ਇਸ ਧਰਤੀ ‘ਤੇ ਵੱਸਦੇ ਲੋਕਾਂ ਵੱਲੋਂ ਦਿੱਤੇ ਵੱਡੇ ਫਤਵੇ ਦਾ ਅਪਮਾਨ ਕਰ ਰਹੇ ਹਨ। ਦੂਸਰਾ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਗਾਂਧੀ ਪਰਿਵਾਰ ਦੇ ਹੱਥ ਮਜ਼ਬੂਤ ਕਰਨਾ ਹੈ, ਜਿਨ੍ਹਾਂ ਨੇ ਸਾਡੇ ਧਾਰਮਿਕ ਅਸਥਾਨਾਂ ‘ਤੇ ਹਮਲੇ ਕੀਤੇ, ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ। ਤੀਜਾ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਮੋਦੀ ਜੀ ਦੇ ਹੱਥ ਮਜ਼ਬੂਤ ਕਰਨਾ, ਜਿਨ੍ਹਾਂ ਦੇ ਫੈਸਲਿਆਂ ਦੇ ਖਿਲਾਫ ਹੁਣੇ ਵੀ ਤੁਸੀਂ ਦਿੱਲੀ ਦੇ ਬਾਰਡਰਾਂ ‘ਤੇ ਬੈਠ ਕੇ 700 ਕਿਸਾਨ ਸ਼ਹੀਦ ਕਰਵਾ ਕੇ ਇਕ ਵੱਡਾ ਸੰਘਰਸ਼ ਕਰਕੇ ਆਏ ਹੋ ਅਤੇ ਜਿਹੜੇ ਬੰਦੀ ਸਿੰਘਾਂ ਦੇ ਕੇਸਾਂ ਦੇ ਫੈਸਲੇ ਕਰਨ ਅਤੇ ਰਿਹਾਈਆਂ ਕਰਨ ਤੋਂ ਮੁਨਕਰ ਹੋ ਰਹੇ ਹਨ। ਚੌਥੇ ਨੰਬਰ ‘ਤੇ ਸ. ਸਿਮਰਨਜੀਤ ਸਿੰਘ ਮਾਨ ਹਨ ਜਿਹੜੇ ਮਹਿਲਾਂ ਵਿੱਚ ਰਹਿੰਦੇ ਹਨ ਇੱਕ ਮਿੰਟ ਤੋਂ ਪਹਿਲਾਂ ਦੇਸ਼ ਦੀਆਂ ਏਜੰਸੀਆਂ ਉਨ੍ਹਾਂ ਨੂੰ ਸਾਰੇ ਦੇਸ਼ਾਂ ਦੇ ਵੀਜ਼ੇ ਦੇ ਦਿੰਦੀਆਂ ਹਨ ਅਤੇ ਉਹ ਆਪਣੇ ਆਪ ਨੂੰ ਸੰਘਰਸ਼ੀ ਹੋਣ ਦਾ ਦਾਵਾ ਕਰਦੇ ਹਨ, ਜਿਹੜੇ 1989 ਤੋਂ ਲੈ ਕੇ ਹੁਣ ਤੱਕ ਸਾਰੀਆਂ ਚੋਣਾਂ ਲੜਦੇ ਰਹੇ ਹਨ। ਚੋਣਾਂ ਲੜਨਾ ਜਿਨ੍ਹਾਂ ਦੀ ਡਿਊਟੀ ਹੈ, ਇਨ੍ਹਾਂ ਨੂੰ ਵੋਟ ਪਾਉਣ ਦਾ ਮਤਲਬ ਬੱਸ ਕੁਝ ਵੀ ਨਹੀਂ ਹੈ, ਐਵੇਂ ਆਪਣੀ ਵੋਟ ਖਰਾਬ ਕਰਨਾ ਹੈ। ਪੰਜਵੇਂ ਉਮੀਦਵਾਰ ਦੇ ਰੂਪ ਵਿੱਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਹੈ। ਜਿਸ ਨੇ ਖੁਦ ਇਸ ਧਰਤੀ ਦੇ ਮਾਨ-ਸਨਮਾਨ ਦੇ ਸੰਘਰਸ਼ ਵਿੱਚ ਬਹੁਤ ਦੁੱਖ-ਕਸ਼ਟ ਸਹੇ ਹਨ। ਜਿਹੜੀ ਅੱਜ ਵੀ ਆਪਣੇ ਉਨ੍ਹਾਂ ਭਰਾਵਾਂ ਲਈ ਸੰਘਰਸ਼ ਕਰ ਰਹੀ ਹੈ ਜੋ 25-25, 30-30, 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਮੇਰੀ ਭੈਣ ਬੰਦੀ ਸਿੰਘਾਂ ਨੂੰ ਉਨ੍ਹਾਂ ਦੇ ਉਜੜੇ ਹੋਏ ਘਰਾਂ ਵਿੱਚ ਵਾਪਸ ਲਿਆਉਣ ਦੇ ਪਵਿੱਤਰ ਕਾਰਜ ਨੂੰ ਲੈ ਕੇ ਚੋਣਾਂ ਲੜ ਰਹੀ ਹੈ, ਤਾਂਕਿ ਉਨ੍ਹਾਂ ਬੰਦੀ ਸਿੰਘਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦੇ ਖਿਲਾਫ ਪਾਰਲੀਮੈਂਟ ਵਿੱਚ ਆਵਾਜ਼ ਬੁੰਦ ਹੋ ਸਕੇ। ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਧੜੇਬੰਦੀ, ਪਾਰਟੀਬਾਜ਼ੀ ਤੋਂ ਉਪਰ ਉਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟ ਕਰਨਾ। ਇਸ ਧਰਤੀ ਦੇ ਮਾਣ-ਸਨਮਾਨ ਲਈ, ਇਨਸਾਫ ਲਈ ਵੋਟ ਕਰਨਾ। ਫੈਸਲਾ ਤੁਹਾਡੀ ਅੰਤਰ-ਆਤਮਾ ਦੀ ਆਵਾਜ਼ ‘ਤੇ ਛੱਡਦੇ ਹਾਂ।”
-ਬਲਵੰਤ ਸਿੰਘ ਰਾਜੋਆਣਾ
ਫਾਂਸੀ ਕੋਠੀ-16, ਕੇਂਦਰੀ ਜੇਲ੍ਹ ਪਟਿਆਲਾ