Big revelation in the case : ਦੀਵਾਲੀ ਦੀ ਰਾਤ ਨੂੰ ਚੰਡੀਗੜ੍ਹ ਰੋਡ ‘ਤੇ ਪੁਰਹੀਰਾਂ ਬਾਈਪਾਸ ਨੇੜੇ ਇੱਕ ਵਕੀਲ ਭਗਵੰਤ ਕਿਸ਼ੋਰ ਅਤੇ ਉਸ ਦੀ ਅਸਿਸਟੈਂਟ ਸੀਆ ਖੁੱਲਰ ਦੀ ਕਾਰ ਵਿੱਚ ਸੜ ਕੇ ਮੌਤ ਹੋ ਗਈ ਸੀ, ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਦੀ ਸਾਜ਼ਿਸ਼ ਸੀਆ ਖੁੱਲਰ ਦੇ ਦੂਜੇ ਪਤੀ ਅਸ਼ੀਸ਼ ਨੇ ਰਚੀ ਸੀ। ਪੁਲਿਸ ਜਾਂਚ ਵਿਚ ਹੁਣ ਤਕ ਇਹ ਖੁਲਾਸਾ ਹੋਇਆ ਹੈ ਕਿ ਆਸ਼ੀਸ਼ ਨੇ ਦੋਹਾਂ ਦਾ ਕਤਲ ਕੀਤਾ ਅਤੇ ਲਾਸ਼ ਨੂੰ ਸੀਆ ਦੀ ਕਾਰ ਵਿਚ ਰੱਖ ਦਿੱਤਾ। ਇਸ ਤੋਂ ਬਾਅਦ, ਸਾਰੀ ਘਟਨਾ ਨੂੰ ਇਕ ਹਾਦਸੇ ਵਜੋਂ ਦੱਸਦੇ ਹੋਏ ਕਾਰ ਨੂੰ ਅੱਗ ਲਗਾਈ ਗਈ ਅਤੇ ਖੁਦ ਨੋਇਡਾ ਚਲਾ ਗਿਆ। ਉਸ ਦੇ ਦੋ ਸਾਥੀ ਵੀ ਸਾਜਿਸ਼ ਵਿੱਚ ਸ਼ਾਮਲ ਸਨ।
ਪੁਲਿਸ ਨੇ ਤਿੰਨੋਂ ਦੋਸ਼ੀਆਂ ’ਤੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਸੀਆ ਖੁੱਲਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਇਹ ਤਿੰਨੋਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹੁਸ਼ਿਆਰਪੁਰ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਛਾਪੇਮਾਰੀ ਕਰ ਰਹੀ ਹੈ। ਪਹਿਲਾਂ ਦਿੱਲੀ ਅਤੇ ਨੋਇਡਾ ਵਿਚ ਵੀ ਛਾਪੇ ਮਾਰੇ ਗਏ ਸਨ ਪਰ ਇਹ ਤਿੰਨੋਂ ਪਹਿਲਾਂ ਹੀ ਉਥੋਂ ਫਰਾਰ ਹੋ ਗਏ ਸਨ।
ਦੱਸਣਯੋਗ ਹੈ ਕਿ ਇਹ ਕੇਸ ਐਡਵੋਕੇਟ ਭਗਵੰਤ ਕਿਸ਼ੋਰ ਦੇ ਬੇਟੇ ਸੁਮਨਿੰਦਰ ਗੁਪਤਾ ਦੇ ਬਿਆਨ ਦੇ ਅਧਾਰ ‘ਤੇ ਦਾਇਰ ਕੀਤਾ ਗਿਆ ਸੀ। ਕੇਸ ਦੀ ਮੁੱਢਲੀ ਸ਼ੁਰੂਆਤ ਵਿੱਚ ਇਹ ਇੱਕ ਹਾਦਸਾ ਹੀ ਜਾਪ ਰਿਹਾ ਸੀ। ਪੁਲਿਸ ਨੇ ਸੀਆ ਦੇ ਪਤੀ ਆਸ਼ੀਸ਼ ਦੇ ਬਿਆਨ ‘ਤੇ 174 ਦੀ ਕਾਰਵਾਈ ਵੀ ਕੀਤੀ ਸੀ, ਪਰ ਸਥਿਤੀ ਅਤੇ ਤਕਨੀਕੀ ਟੀਮ ਦੀ ਜਾਂਚ ਵਿਚ ਇਹ ਘਟਨਾ ਕੁਦਰਤੀ ਤੋਂ ਜ਼ਿਆਦਾ ਯੋਜਨਾਬੱਧ ਲੱਗਦੀ ਸੀ। ਜਦੋਂ ਜਾਂਚ ਦੁਬਾਰਾ ਸ਼ੁਰੂ ਕੀਤੀ ਗਈ ਤਾਂ ਇਹ ਸਪੱਸ਼ਟ ਹੋ ਗਿਆ ਕਿ ਇਹ ਕਤਲ ਸੀ। ਜਾਂਚ ਦੌਰਾਨ ਸਾਰੇ ਸਬੂਤ ਸੀਆ ਦੇ ਪਤੀ ਅਸ਼ੀਸ਼ ਵੱਲ ਇਸ਼ਾਰਾ ਕਰ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਇਹ ਸਵਾਲ ਕਿ ਇਹ ਕਤਲ ਕਿਵੇਂ ਹੋਇਆ ਅਤੇ ਇਹ ਕਿੱਥੇ ਹੋਇਆ ਸੀ, ਇਸ ਦਾ ਖੁਲਾਸਾ ਅਸ਼ੀਸ਼ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋ ਸਕੇਗਾ। ਅਸ਼ੀਸ਼ ਦੇ ਬਾਕੀ ਦੋ ਸਾਥੀਆਂ ਦੀ ਪਛਾਣ ਸੁਨੀਲ ਕੁਮਾਰ ਅਤੇ ਰਾਹੁਲ ਵਜੋਂ ਹੋਈ ਹੈ। ਦੋਵੇਂ ਬੁਲੰਦਸ਼ਹਿਰ ਦੇ ਮੂਲ ਨਿਵਾਸੀ ਹਨ।
ਜ਼ਿਕਰਯੋਗ ਹੈ ਕਿ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੀਆ ਅਤੇ ਅਸ਼ੀਸ਼ ਦੀ ਆਪਸ ਵਿੱਚ ਅਣਬਣ ਰਹਿੰਦੀ ਸੀ ਤੇ ਤਲਾਕ ਤੱਕ ਦੀ ਨੌਬਤ ਆ ਗਈਸੀ ਅਤੇ ਕਈ ਵਾਰ ਸਮਝੌਤਾ ਹੋਇਆ ਸੀ। ਸੀਆ ਦੀ ਮੌਤ ਤੋਂ ਬਾਅਦ ਵੀ ਆਸ਼ੀਸ਼ ਸੰਸਕਾਰ ਦੇ ਸਮੇਂ ਅਤੇ ਉਸਨੂੰ ਦੇਖਣ ਲਈ ਵੀ ਨਹੀਂ ਨਹੀਂ ਆਇਆ। ਅਸ਼ੀਸ਼ ਨੇ ਪੁਲਿਸ ਜਾਂਚ ਵਿਚ ਸਹਿਯੋਗ ਨਹੀਂ ਕੀਤੀ ਅਤੇ ਬਾਅਦ ਵਿਚ ਫੋਨ ਸਵਿਚ ਆਫ ਕਰ ਲਿਆ। ਅਸ਼ੀਸ਼ ਆਪਣੇ ਸ਼ੁਰੂਆਤੀ ਬਿਆਨਾਂ ਤੋਂ ਵਾਰ-ਵਾਰ ਪਲਟ ਰਿਹਾ ਸੀ। ਟੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਜਿਸ ਵਿਚ ਆਸ਼ੀਸ਼ ਦੀ ਗੱਡੀ ਹੁਸ਼ਿਆਰਪੁਰ ਤੋਂ ਰਾਤ 11.30 ਵਜੇ ਜਾਂਦੀ ਵੇਖੀ ਗਈ। ਇਹ ਹਾਦਸਾ ਕਰੀਬ ਸਾਢੇ 10 ਵਜੇ ਵਾਪਰਿਆ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਕਾਰ ਨੂੰ ਸ਼ਾਰਟ ਸਰਕਟ ਤੋਂ ਅੱਗ ਨਹੀਂ ਲੱਗੀ, ਕਿਸੇ ਨੇ ਬਾਅਦ ਵਿਚ ਇਸ ਨੂੰ ਅੱਗ ਲਗਾ ਦਿੱਤੀ। ਕਾਰ ਦਰੱਖਤ ਨਾਲ ਨਹੀਂ ਟਕਰਾਈ, ਬਿਨਾਂ ਟਕਰਾਏ ਹੀ ਅੱਗ ਲੱਗ ਗਈ ਅਤੇ ਰਾਂਗ ਸਾਈਡ ਹੋਣ ਦੇ ਬਾਵਜੂਦ ਕਾਰ ਦੇ ਘਸਣ ਦੇ ਨਿਸ਼ਾਨ ਮੌਕੇ ‘ਤੇ ਨਹੀਂ ਮਿਲੇ। ਕਾਰ ਦੀ ਬਾਡੀ ’ਤੇ ਕਿਸੇ ਚੀਜ਼ ਨਾਲ ਟਕਰਾਉਣ ਦਾ ਕੋਈ ਨਿਸ਼ਾਨ ਨਹੀਂ ਸੀ। ਇਹ ਸਭ ਗੱਲਾਂ ਸੀਆ ਦੇ ਪਤੀ ਵੱਲ ਸ਼ੱਕ ਦੀ ਸੂਈ ਲਿਜਾ ਰਹੀਆਂ ਸਨ ਅਤੇ ਸਾਹਮਣੇ ਆਇਆ ਕਿ ਇਹ ਹਾਦਸਾ ਨਹੀਂ ਕਤਲ ਹੈ।