Biggest revelation in Tikri Border : ਟਿਕਰੀ ਬਾਰਡਰ ‘ਤੇ ਪਿਛਲੇ ਦਿਨੀਂ ਬਠਿੰਡਾ ਦੇ ਇੱਕ ਕਿਸਾਨ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਸ ਨੇ ਕੁਲਵੰਤ ਦੀ ਅਤੇ ਪ੍ਰੇਮਿਕਾ ਕਰਮਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕਿਸਾਨ ਹਾਕਮ ਸਿੰਘ ਦਾ ਕਤਲ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਗਿਆ ਸੀ। ਕਰਮਜੀਤ ਕੌਰ ਮ੍ਰਿਤਕ ਕਿਸਾਨ ਹਾਕਮ ਸਿੰਘ ਦੀ ਭਾਬੀ ਲੱਗਦੀ ਹੈ ਅਤੇ ਉਸ ਦੇ ਕੁਲਵੰਤ ਸਿੰਘ ਨਾਲ ਪ੍ਰੇਮ ਸੰਬੰਧ ਹਨ।
ਕੁਲਵੰਤ ਸਿੰਘ ਮੋਗਾ ਦੇ ਪਿੰਡ ਲੋਪੋ ਦਾ ਰਹਿਣ ਵਾਲਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੁਲਵੰਤ ਅਤੇ ਕਰਮਜੀਤ ਕੌਰ ਦੇ ਪ੍ਰੇਮ ਸੰਬੰਧਾਂ ਵਿੱਚ ਹਾਕਮ ਸਿੰਘ ਰੋੜਾ ਬਣਿਆ ਹੋਇਆ ਸੀ। ਜਿਸ ਕਾਰਨ ਮ੍ਰਿਤਕ ਦੀ ਭਾਬੀ ਕਰਮਜੀਤ ਕੌਰ ਨੇ ਆਪਣੇ ਪ੍ਰੇਮੀ ਕੁਲਵੰਤ ਨਾਲ ਮਿਲ ਕੇ ਹਾਕਮ ਦਾ ਕਤਲ ਕੀਤੇ ਜਾਣ ਦੀ ਯੋਜਨਾ ਬਣਾਈ। ਇਸੇ ਯੋਜਨਾ ਅਧੀਨ ਉਨ੍ਹਾਂ ਨੇ ਹਾਕਮ ਨੂੰ ਕਿਸਾਨ ਅੰਦੋਲਨ ‘ਚ ਭੇਜਿਆ, ਜਿਥੇ ਉਸ ਨਾਲ ਕੁਲਵੰਤ ਵੀ ਗਿਆ ਸੀ। ਦੋਵੇਂ ਪਿਛਲੇ ਡੇਢ ਮਹੀਨੇ ਤੋਂ ਟਿਕਰੀ ਬਾਰਡਰ ‘ਤੇ ਰਹਿ ਰਹੇ ਸਨ ਅਤੇ ਇਸੇ ਦੌਰਾਨ ਹਾਕਮ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕੁਲਵੰਤ ਸਿੰਘ ਨੇ ਕਤਲ ਕਰ ਦਿੱਤਾ।
ਦੱਸਣਯੋਗ ਹੈ ਕਿ ਹਾਕਮ ਸਿੰਘ ਦਾ ਕਤਲ 26 ਮਾਰਚ ਨੂੰ ਕੀਤਾ ਗਿਆ ਸੀ। ਹਾਕਮ ਸਿੰਘ(60) ਪੁੱਤਰ ਛੋਟਾ ਸਿੰਘ, ਵਾਸੀ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਜਿਸਦਾ ਕਥਿਤ ਤੌਰ ‘ਤੇ ਗਲਾ ਅਤੇ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਸਿਰ ਕਿਸੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਹੋਇਆ ਸੀ।