ਪਟਿਆਲਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਲ੍ਹ ‘ਚ ਚਾਰ ਹਵਾਲਾਤੀਆਂ ਵੱਲੋਂ ਰੰਜਿਸ਼ਨ ਇੱਕ ਹੋਰ ਹਵਾਲਾਤੀ ‘ਤੇ ਲੋਹੇ ਦੀਆਂ ਨੁਕੀਲੀਆਂ ਪੱਤੀਆਂ ਤੇ ਲੋਹੇ ਦੇ ਸਰੀਏ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤ੍ਰਿਪੜੀ ਪੁਲਿਸ ਨੇ ਚਾਰੇ ਹਵਾਲਾਤੀਆਂ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਲੜਾਈ-ਝਗੜਾ ਕਰਨ, ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸੇ ਜਾਂਦੇ ਹਨ।
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਬਲਜਿੰਦਰ ਸਿੰਘ ਵਾਸੀ ਨਿਊ ਆਨੰਦਪੁਰੀ ਲੁਧਿਆਣਾ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਕੋਰਾਟੀਨਾਨੰਬਰ ਦੋ ਦੇ ਗੇਟ ਦੇ ਕੋਲੋਂ ਜਾ ਰਿਹਾ ਸੀ। ਉਥੇ ਨੇੜੇ ਹੀ ਹਵਾਲਾਤੀ ਨਵਪ੍ਰੀਤ ਸਿੰਘ, ਰੋਹਿਤ, ਬੁੱਧ ਸਿੰਘ ਅਤੇ ਤੇਜਪਾਲ ਸਿੰਘ ਵੀ ਖੜ੍ਹੇ ਸਨ। ਇਨ੍ਹਾਂ ਵਿੱਚੋਂ ਮੁਲਜ਼ਮ ਨਵਪ੍ਰੀਤ ਸਿੰਘ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸੇ ਦੌਰਾਨ ਨਵਪ੍ਰੀਤ ਸਿੰਘ ਨੇ ਹੱਥ ਵਿੱਚ ਫੜੀ ਤੇਜ਼ਧਾਰ ਲੋਹੇ ਦੀ ਪੱਤੀ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਮੁਲਜ਼ਮ ਰੋਹਿਤ ਨੇ ਹੱਥ ਵਿੱਚ ਫੜੀ ਲੋਹੇ ਦੀ ਪੱਤੀ ਉਸ ਦੇ ਮੂੰਹ ’ਤੇ ਮਾਰੀ ਅਤੇ ਫਿਰ ਮੁਲਜ਼ਮ ਬੁੱਧ ਸਿੰਘ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਹੱਥ ਵਿੱਚ ਫੜੀ ਤਿੱਖੀ ਪੱਤੀ ਉਸ ਦੀ ਛਾਤੀ ’ਤੇ ਮਾਰ ਦਿੱਤੀ।
ਇਸ ਤੋਂ ਬਾਅਦ ਸਾਰੇ ਮੁਲਜ਼ਮਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਦੌਰਾਨ ਰੌਲਾ ਸੁਣ ਕੇ ਜੇਲ੍ਹ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਤੁਰੰਤ ਮੁਲਜ਼ਮਾਂ ਤੋਂ ਬਚਾ ਕੇ ਜ਼ਖ਼ਮੀ ਹਵਾਲਾਤੀ ਨੂੰ ਜੇਲ੍ਹ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਰੇਸ ਵਾਕ ‘ਚ ਪ੍ਰਿਅੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਚਾਂਦੀ ਤਮਗਾ
ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਜ਼ਖ਼ਮੀ ਹਵਾਲਾਤੀ ਸਮੇਤ ਸਾਰੇ ਮੁਲਜ਼ਮ ਇੱਕੋ ਬੈਰਕ ਵਿੱਚ ਬੰਦ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੇਲ੍ਹ ਦੀ ਚਾਰਦੀਵਾਰੀ ਰਾਹੀਂ ਬਾਹਰੋਂ ਸੁੱਟੇ ਗਏ ਸੁਲਫੇ ਅਤੇ ਜਰਦੇ ਦੇ ਪੈਕਟਾਂ ਨੂੰ ਵੰਡਣ ਨੂੰ ਲੈ ਕੇ ਆਪਸ ਵਿੱਚ ਲੜਾਈ ਹੋਈ ਸੀ। ਇਸੇ ਦੁਸ਼ਮਣੀ ਵਿੱਚ ਇਹ ਹਮਲਾ ਕੀਤਾ ਗਿਆ।
ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਜੇਲ੍ਹ ਪੁਲਿਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹਵਾਲਾਤੀ ਸਵੇਰੇ ਜੇਲ੍ਹ ਦੀ ਕੰਟੀਨ ਵਿੱਚੋਂ ਕੁਝ ਸਾਮਾਨ ਲੈਣ ਲਈ ਲਾਈਨ ਵਿੱਚ ਲੱਗਾ ਸੀ। ਇਸੇ ਦੌਰਾਨ ਲਾਈਨ ਵਿੱਚ ਲੱਗਣ ਨੂੰ ਲੈ ਕੇ ਮੁਲਜ਼ਮਾਂ ਦੀ ਉਸ ਨਾਲ ਲੜਾਈ ਹੋ ਗਈ। ਇਸੇ ਦੁਸ਼ਮਣੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਲੜਾਈ ਝਗੜੇ, ਕੁੱਟਮਾਰ ਆਦਿ ਦੇ ਪਰਚੇ ਦਰਜ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: