ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਪੰਜਾਬ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ। ਇਸੇ ਵਿਚਾਲੇ ਸਿਆਸਤ ਭਖੀ ਹੋਈ ਹੈ। ਸਿਆਸੀ ਆਗੂ ਹੁਣ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸ਼ਰਣ ਲੈਂਦੇ ਨਜ਼ਰ ਆ ਰਹੇ ਹਨ ਤੇ ਹੁਣ ਉਹ ਡੇਰਾ ਵੋਟ ਬੈਂਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦਰਅਸਲ ਅੱਜ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਡੇ ਸਿਆਸੀ ਚਿਹਰੇ ਡੇਰਾ ਸੱਚਾ ਸੌਦਾ ਦੇ ਸਲਾਬਤਪੁਰ ਡੇਰੇ ਵਿੱਚ ਨਜ਼ਰ ਆਏ, ਜਿਸ ਦੀਆਂ ਤਾਜ਼ਾ ਤਸਵੀਰਾਂ ਤੁਸੀਂ ਇਥੇ ਦੇਖ ਰਹੇ ਹੋ।
ਤਸਵੀਰਾਂ ਵਿੱਚ ਭਾਜਪਾ ਦੇ ਸਿਆਸੀ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਜਿਆਣੀ ਮੌਜੂਦ ਹਨ। ਇਸ ਤੋਂ ਇਲਾਵਾ ਨਾਭਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਜਗਰੂਪ ਸਿੰਘ ਗਿੱਲ ਵੀ ਨਜ਼ਰ ਆ ਰਹੇ ਹਨ। ਲੀਡਰਾਂ ਨੇ ਇਥੇ ਲੰਗਰ ਛੱਕਿਆ ਤੇ ਗੁਰਮੀਤ ਰਾਮ ਰਹੀਮ ਦਾ ਡਿਜੀਟਲੀ ਸਤਿਸੰਗ ਵੀ ਸੁਣਿਆ।
ਇਸ ਬਾਰੇ ਪੁੱਛਣ ‘ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਜਿਆਣੀ ਨੇ ਕਿਹਾ ਕਿ ਉਹ ਹਰ ਸਾਲ ਡੇਰਾ ਸਿਰਸਾ ਦੇ ਦੂਸਰੇ ਗੱਦੀਨਸ਼ੀਨ ਮਰਹੂਮ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਨ ‘ਤੇ ਭਾਈ ਬੰਦੀ ਦੇ ਤੌਰ ‘ਤੇ ਪਹੁੰਚਦੇ ਹਾਂ, ਅਸੀਂ ਚੋਣਾਂ ਨੂੰ ਲੈ ਕੇ ਇਥੇ ਨਹੀਂ ਆਏ। ਭਾਜਪਾ ਨੂੰ ਵੋਟ ਬੈਂਕ ਇਕੱਠਾ ਕਰਨ ਦੀ ਲੋੜ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜਬਰ-ਜ਼ਨਾਹ ਸਣੇ ਕਤਲ ਮਾਮਲਿਆਂ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਹੈ। ਦੂਜੇ ਪਾਸੇ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ, ਅਜਿਹੇ ਵਿੱਚ ਸਿਆਸਤ ਦੇ ਵੱਡੇ ਚਿਹਰਿਆਂ ਦੇ ਇਸ ਤਰ੍ਹਾਂ ਡੇਰੇ ‘ਤੇ ਨਜ਼ਰ ਆਉਣ ਨਾਲ ਨਵੀਂ ਚਰਚਾ ਛਿੜ ਗਈ ਹੈ। ਕਿਉਂਕਿ ਇਸ ਵਾਰ ਚੁਣਾਵੀ ਦੰਗਲ ਵਿੱਚ ਹੋਰ ਵੀ ਪਾਰਟੀਆਂ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਕਿਸਾਨਾਂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਹੈ। ਇਸ ਨਾਲ ਸਾਰੀਆਂ ਪਾਰਟੀਆਂ ਦੇ ਵੋਟ ਬੈਂਕ ਨੂੰ ਤਕੜਾ ਝਟਕਾ ਲੱਗਣ ਵਾਲਾ ਹੈ ਤਾਂ ਸਾਰੇ ਸਿਆਸੀ ਲੀਡਰ ਆਪਣਾ-ਆਪਣਾ ਵੋਟ ਬੈਂਕ ਵਧਾਉਣ ਵਿੱਚ ਲੱਗੇ ਹੋਏ ਹਨ।