ਫਿਰੋਜ਼ਪੁਰ ਵਿੱਚ ਇੱਕ 12 ਸਾਲਾਂ ਮਾਸੂਮ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੇ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਬੱਚੇ ਦੀ ਪਛਾਣ ਕਰਿਵਮ ਮਲਹੋਤਰਾ ਵਜੋਂ ਹੋਈ ਹੈ। ਗੋਲੀ ਉਸ ਦੇ ਸਿਰ ਵਿੱਚ ਲੱਗੀ। ਘਟਨਾ ਤੋਂ ਤੁਰੰਤ ਬਾਅਦ, ਬੱਚੇ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

ਇਹ ਘਟਨਾ ਫਿਰੋਜ਼ਪੁਰ ਦੀ ਰੋਜ਼ ਐਵੇਨਿਊ ਕਾਲੋਨੀ ਵਿੱਚ ਵਾਪਰੀ। ਪਰਿਵਾਰਕ ਮੈਂਬਰਾਂ ਮੁਤਾਬਕ ਕਰਿਵਮ ਮਲਹੋਤਰਾ (12) ਸਕੂਲ ਤੋਂ ਆਉਣ ਤੋਂ ਬਾਅਦ ਅਲਮਾਰੀ ਵਿੱਚੋਂ ਕੱਪੜੇ ਕੱਢ ਰਿਹਾ ਸੀ। ਉਹ ਉੱਥੇ ਖੜ੍ਹਾ ਹੋ ਕੇ ਆਪਣੇ ਕੱਪੜੇ ਬਦਲ ਰਿਹਾ ਸੀ, ਜਦੋਂ ਅਚਾਨਕ ਅਲਮਾਰੀ ਵਿੱਚ ਪਿਆ ਪਿਸਤੌਲ ਜ਼ਮੀਨ ‘ਤੇ ਡਿੱਗ ਗਿਆ ਅਤੇ ਗੋਲੀ ਚੱਲ ਗਈ। ਗੋਲੀ ਬੱਚੇ ਦੇ ਸਿਰ ਵਿੱਚ ਲੱਗੀ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਬੱਚੇ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੇ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਿਰਫ਼ ਮਨੋਰੰਜਨ ਹੀ ਨਹੀਂ, ਦਿਮਾਗ ਦੀ ਸਿਹਤ ਨੂੰ ਵੀ ਖਾ ਰਹੀਆਂ ਨੇ ਰੀਲਸ, ਸਟੱਡੀ ‘ਚ ਹੋਇਆ ਵੱਡਾ ਖੁਲਾਸਾ
ਫਿਰੋਜ਼ਪੁਰ ਸਿਟੀ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਿਸਤੌਲ ਪਰਿਵਾਰ ਦੇ ਮੈਂਬਰ ਦਾ ਹੀ ਸੀ ਅਤੇ ਇਸ ਨੂੰ ਬਿਨਾਂ ਕਿਸੇ ਸੁਰੱਖਿਆ ਉਪਾਅ ਦੇ ਅਲਮਾਰੀ ਦੇ ਅੰਦਰ ਰੱਖਿਆ ਹੋਇਆ ਸੀ। ਐਸਐਚਓ ਨੇ ਕਿਹਾ ਕਿ ਬੱਚੇ ਨੇ ਆਪਣੇ ਕੱਪੜੇ ਲੈਣ ਲਈ ਅਲਮਾਰੀ ਖੋਲ੍ਹੀ ਅਤੇ ਹਥਿਆਰ ਡਿੱਗ ਪਿਆ, ਟੱਕਰ ਨਾਲ ਗੋਲੀ ਚੱਲ ਗਈ। ਫਿਲਹਾਲ ਪਰਿਵਾਰਕ ਮੈਂਬਰ ਹਸਪਤਾਲ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -:
























