ਬ੍ਰਿਟੇਨ ਦੇ ਇਕ ਭਾਰਤੀ ਮੂਲ ਦੇ ਨੌਜਵਾਨ ਨੂੰ ਰਾਜਦ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਹੈ। ਕੋਰਟ 31 ਮਾਰਚ ਨੂੰ ਜਸਵੰਤ ਸਿੰਘ ਛੈਲ ਨਾਂ ਦੇ ਨੌਜਵਾਨ ਨੂੰ ਸਜ਼ਾ ਸੁਣਾਏਗਾ। ਉਸ ਨੇ 2021 ਵਿਚ ਮਹਾਰਾਣੀ ਏਲਿਜਾਬੇਥ-2 ਨੂੰ ਮਾਰਨ ਦੀ ਧਮਕੀ ਦਿੱਤੀ ਸੀ।
ਜਸਵੰਤ ਸਿੰਘ ਛੈਲ ਇਕ ਕ੍ਰਾਸਬੋ ਨਾਲ ਵਿੰਡਸਰ ਪੈਲੇਸ ਪਹੁੰਚ ਗਿਆ ਸੀ। ਉਥੇ ਜਾ ਕੇ ਉਸ ਨੇ ਕਿਹਾ ਕਿ ਉੁਹ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਹੈ। ਬ੍ਰਿਟੇਨ ਵਿਚ ਸਾਲ 1981 ਦੇ ਬਾਅਦ ਪਹਿਲੀ ਵਾਰ ਕਿਸੇ ਨੂੰ ਰਾਜਦ੍ਰੋਹ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ।
ਜਸਵੰਤ ਸਿੰਘ ਛੈਲ ਨੂੰ ਕ੍ਰਿਸਮਸ ਦੇ ਦਿਨ ਸੁਰੱਖਿਆ ਅਧਿਕਾਰੀ ਨੇ ਵਿੰਡਸਰ ਮਹੱਲ ਦੇ ਪ੍ਰਾਈਵੇਟ ਇਲਾਕੇ ਵਿਚ ਦੇਖਿਆ ਸੀ। ਛੈਲ ਤੋਂ ਸੁਰੱਖਿਆ ਅਧਿਕਾਰੀ ਨੇ ਪੁੱਛਿਆ ਕਿ ਉਹ ਇਥੇ ਕੀ ਕਰਨ ਆਇਆ ਹੈ ਤਾਂ ਉਸ ਨੇ ਕਿਹਾ ਕਿ ਮੈਂ ਮਹਾਰਾਣੀ ਨੂੰ ਮਾਰਨ ਆਇਆ ਹਾਂ। ਇੰਨਾ ਸੁਣਦੇ ਹੀ ਅਧਿਕਾਰੀ ਨੇ ਉਸ ਤੋਂ ਕ੍ਰਾਸਬੋ ਹੇਠਾਂ ਰਖਵਾ ਦਿੱਤਾ ਤੇ ਉਸ ਨੂੰ ਬੈਠਣ ਲਈ ਕਿਹਾ। ਛੈਲ ਉਹ ਸਾਰਾ ਕੁਝ ਕਰਦਾ ਰਿਹਾ ਜੋ ਸੁਰੱਖਿਆ ਅਧਿਕਾਰੀ ਨੇ ਉਸ ਨੂੰ ਕਰਨ ਲਈ ਕਿਹਾ।
ਕ੍ਰੋਸਬੋ ਤੋਂ ਇਲਾਵਾ ਛੈਲ ਕੋਲ ਇਕ ਹੱਥ ਨਾਲ ਲਿਖਿਆ ਗਿਆ ਨੋਟ ਸੀ, ਇਸ ਵਿਚ ਲਿਖਿਆ ਸੀ ਪਲੀਜ ਮੇਰੇ ਕੱਪੜੇ, ਜੁੱਤੇ ਤੇ ਮਾਸਕ ਨਾ ਉਤਾਰਨਾ, ਮੈਨੂੰ ਪੋਸਟਮਾਰਟਮ ਨਹੀਂ ਕਰਵਾਉਣਾ ਹੈ। ਵਿੰਡਸਰ ਪੈਲੇਸ ਵਿਚ ਵੜਨ ਤੋਂ ਪਹਿਲਾਂ ਛੈਲ ਨੇ ਸਨੈਪਚੈਟ ‘ਤੇ ਇਕ ਵੀਡੀਓ ਵੀ ਪੋਸਟ ਕੀਤਾ ਸੀ। ਇਸ ਵਿਚ ਉਸ ਨੇ ਕਿਹਾ ਸੀ ਕਿ ਜੋ ਮੈਂ ਕੀਤਾ ਹੈ ਤੇ ਜੋ ਮੈਂ ਕਰਨ ਵਾਲਾ ਹਾਂ ਉਸ ਲਈ ਮੈਨੂੰ ਮਾਫ ਕਰ ਦੇਣਾ।
ਵੀਡੀਓ ਵਿਚ ਛੈਲ ਨੇ ਕਿਹਾ ਕਿ ਮਹਾਰਾਣੀ ਨੂੰ ਮਾਰ ਕੇ ਉਹ 1919 ਵਿਚ ਹੋਏ ਜਲਿਆਂਵਾਲੇ ਬਾਗ ਕਤਲੇਆਮ ਦਾ ਬਦਲਾ ਲੈ ਰਿਹਾ ਹੈ। ਉਹ ਉਨ੍ਹਾਂ ਸਾਰਿਆਂ ਦੀ ਲੜਾਈ ਲੜ ਰਿਹਾ ਹੈ ਜਿਨ੍ਹਾਂ ਨਾਲ ਨਸਲ ਦੇ ਚੱਲਦੇ ਭੇਦਭਾਵ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: