ਆਨਲਾਈਨ ਠੱਗਾਂ ਨੇ ਹੁਣ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਅਨੋਖਾ ਤਰੀਕਾ ਲੱਭ ਲਿਆ ਹੈ। ਇਨ੍ਹੀਂ ਦਿਨੀਂ ‘ਠੱਗ ਰਿਸ਼ਤੇਦਾਰਾਂ’ ਵੱਲੋਂ ਠੱਗੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ‘ਠੱਗ ਰਿਸ਼ਤੇਦਾਰ’ ਪਹਿਲਾਂ ਅਕਸਰ ਅੰਤਰਰਾਸ਼ਟਰੀ ਫੋਨ ਕਾਲਜ਼ ਰਾਹੀਂ ਆਪਣੀ ਗੱਲਬਾਤ ਕੁਝ ਇਸ ਤਰ੍ਹਾਂ ਸ਼ੁਰੂ ਕਰਦੇ ਹਨ- ‘ਹੈਲੋ, ਮੈਂ ਕੈਨੇਡਾ ਤੋਂ ਬੋਲਦਾਂ… ਕੌਣ ਸਿਓਣ ਸਿੰਘ… ਪਛਾਣਿਆ ਨਹੀਂ… ਲੱਗਦਾ ਆਵਾਜ਼ ਨਹੀਂ ਪਛਾਣੀ…।’ ਫਿਰ ਜਦੋਂ ਇਧਰੋਂ ਵਿਅਕਤੀ ਕਿਸੇ ਆਪਣੇ ਜਾਣਕਾਰ ਦਾ ਨਾਂ ਲੈਂਦਾ ਹੈ ਤਾਂ ਉਧਰੋਂ ਆਵਾਜ਼ ਆਉਂਦੀ, ‘ਅਖੀਰ ਪਛਾਣ ਹੀ ਲਿਆ’ ਤੇ ਗੱਲਬਾਤ ਸ਼ਰੂ ਹੋ ਜਾਂਦੀ ਹੈ।
ਗੱਲਾਂ-ਗੱਲਾਂ ਵਿੱਚ ਉਹ ਆਪਣੀਆਂ ਗੱਲਾਂ ਵਿੱਚ ਆਏ ਬੰਦੇ ਨੂੰ ਕਹਿੰਦਾ ਹੈ ਕਿ ਮੇਰੇ ਇਧਰੋਂ ਕਾਲ ‘ਤੇ ਬਹੁਤ ਪੈਸੇ ਖਰਚ ਹੋ ਰਹੇ ਹਨ ਤੁਸੀਂ ਵ੍ਹਾਟਸਐਪ ਕਾਲ ਕਰੋ। ਵਧੇਰੇ ਲੋਕ ਤਾਂ ਇਸ ਨੂੰ ਅਣਗੌਲਿਆਂ ਕਰ ਦਿੰਦੇ ਹਨ ਪਰ ਕੁਝ ਭੋਲੇ-ਭਾਲੇ ਲੋਕ, ਜਿਹੜੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਵ੍ਹਾਟਸਐਪ ਕਾਲ ਕਰ ਦਿੰਦੇ ਹਨ। ਫਿਰ ਉਹ ਉਨ੍ਹਾਂ ਕੋਲੋਂ ਖਾਤਾ ਮੰਗਦੇ ਹਨ ਕਿ ਮੈਂ ਤੁਹਾਨੂੰ ਕੁਝ ਡਾਲਰ ਭੇਜਣੇ ਹਨ, ਤਾਂ ਲਾਲਚ ਵਿੱਚ ਆ ਕੇ ਕੁਝ ਲੋਕ ਉਨ੍ਹਾਂ ਨੂੰ ਖਾਤਾ ਤੇ ਹੋਰ ਡਿਟੇਲ ਭੇਜ ਦਿੰਦੇ ਹਨ।
ਇਸੇ ਠੱਗੀ ਦੇ ਸ਼ਿਕਾਰ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਖਾਤੇ ਵਿੱਚ ਪਹਿਲਾਂ 1,50,000 ਰੁਪਏ ਆ ਗਏ ਪਰ ਅਲੇ ਹੀ ਪਲ ਉਸ ‘ਠੱਗ ਰਿਸ਼ਤੇਦਾਰ’ ਦਾ ਫੋਨ ਆਇਆ ਕਿ ਮੇਰੇ ਕਿਸੇ ਰਿਸ਼ਤੇਦਾਰ ਦਾ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ ਹੈ, ਇਸ ਲਈ ਮੈਨੂੰ ਆਪਣਾ ਓਟੀਪੀ ਭੇਜਿਓ ਮੈਂ ਕੁਝ ਪੈਸੇ ਕਢਵਾਉਣੇ ਹਨ। ਜਿਵੇਂ ਹੀ ਓਟੀਪੀ ਭੇਜਿਆ ਜਾਂਦਾ ਹੈ ਤਾਂ ਕੁਝ ਹੀ ਮਿੰਟਾਂ ਵਿੱਚ ਸਾਰਾ ਖਾਤਾ ਸਾਫ਼।
ਇਸ ਤੋਂ ਵੱਡੀ ਤ੍ਰਾਸਦੀ ਤਾਂ ਅਜਿਹੇ ਠੱਗੇ ਹੋਏ ਲੋਕਾਂ ਨਾਲ ਇਹ ਹੋ ਰਹੀ ਹੈ ਕਿ ਸਾਡਾ ‘ਭਾਰਤੀ ਬੈਂਕ ਸਿਸਟਮ’ ਉਨ੍ਹਾਂ ਬੰਦਿਆਂ ਨੂੰ ਹੌਂਸਲਾ ਜਾਂ ਸਹਿਯੋਗ ਦੇਣ ਦੀ ਬਜਾਏ ਕਹਿੰਦਾ ਹੈ ਕਿ ‘ਤੁਸੀਂ ਕ੍ਰਾਈਮ ਕਰ ਰਹੇ ਹੋ, ਠੱਗ ਲੋਕਾਂ ਨਾਲ ਲੈਣ-ਦੇਣ ਕਰ ਰਹੇ ਹੋ’। ਤਾਂ ਪਹਿਲਾਂ ਹੀ ਠੱਗੀ ਦਾ ਸ਼ਿਕਾਰ ਹੋਆ ਵਿਅਕਤੀ ਚੁੱਪ-ਚਾਫ ਹੱਥ ਜੋੜ ਕੇ ਘਰ ਆ ਕੇ ਬੈਠ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਅਜਿਹੀਆਂ ਵੱਖ-ਵੱਖ ਤਰ੍ਹਾਂ ਦੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਕਿਸੇ ਵੀ ਵਿਅਕਤੀ ਨਾਲ ਆਪਣੀ ਬੈਂਕ ਡਿਟੇਲ ਜਾਂ ਓਟੀਪੀ ਸਾਂਝੀ ਨਾ ਕਰਨ ਤਾਂਜੋ ਅਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ।