Captain Amrinder Singh stated : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਕੋਵਿਡ ਦੀ ਭਿਆਨਕ ਸਥਿਤੀ ਦਾ ਜ਼ਿਕਰ ਕਰਦਿਆਂ ਮਹਾਂਮਾਰੀ ‘ਤੇ ਘਟੀਆ ਸਿਆਸਤ ਖੇਡਣ ਲਈ ਆਮ ਆਦਮੀ ਪਾਰਟੀ ਦੀ ਸਖਤ ਆਲੋਚਨਾ ਕੀਤੀ ਹੈ। ਕੈਪਟਨ ਨੇ ਕੋਵਿਡ ਦੀ ਸਥਿਤੀ ਨਾਲ ਨਿਪਟਣ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਕਾਰਤਮਕ ਪ੍ਰਚਾਰ ਕਰਨ ਲਈ ‘ਆਪ’ ਦੀ ਮੁਹਿੰਮ ਨੂੰ ‘ਗੈਰ-ਜ਼ਿੰਮੇਵਾਰਾਨਾ’ ਕਰਾਰ ਦਿੱਤਾ ਹੈ।
ਮੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆਂ ਵਾਂਗ ਭਾਰਤ ਵੀ ਜੰਗ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦਾ ਸਾਹਮਣਾ ਇਕਜੁੱਟਤਾ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸੰਕਟ ਦੌਰਾਨ ਵੀ ਘਟੀਆ ਸਿਆਸਤ ਖੇਡਣ ‘ਤੇ ਉਤਾਰੂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਸੂਬਿਆਂ ਇੱਥੋਂ ਤੱਕ ਕਿ ਜਿੱਥੇ ਉਨ੍ਹਾਂ ਦੀ ਸਰਕਾਰ ਵੀ ਨਹੀਂ ਹੈ, ਵਿੱਚ ਮਹਾਮਾਰੀ ਨਾਲ ਨਿਪਟਣ ਲਈ ਸਰਕਾਰਾਂ ਦੀ ਮਦਦ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਸੂਬੇ ਭਾਵੇਂ ਉਹ ਦਿੱਲੀ, ਹਿਮਾਚਲ ਪ੍ਰੇਦਸ਼ ਜਾਂ ਹਰਿਆਣਾ ਹੋਵੇ, ਦੀ ਮਦਦ ਕਰਨ ਲਈ ਤਿਆਰ ਹਨ। ਇਸ ਸੰਕਟ ਨਾਲ ਨਜਿੱਠਣ ਦਾ ਇਹੀ ਇਕ ਰਸਤਾ ਹੈ। ਉਨ੍ਹਾਂ ਕਿਹਾ,”ਜੇਕਰ ਕੱਲ੍ਹ ਨੂੰ ਦਿੱਲੀ ਨੂੰ ਮੇਰੀ ਮਦਦ ਦੀ ਲੋੜ ਪਈ ਤਾਂ ਮੈਂ ਬਿਲਕੁਲ ਇਸ ਮਦਦ ਦੀ ਪੇਸ਼ਕਸ਼ ਕਰਾਂਗਾ”। ਉਨ੍ਹਾਂ ਦੱਸਿਆ ਕਿ ’ਆਪ’ ਦੁਆਰਾ ਪੇਸ਼ ਕੀਤੀ ਜਾ ਰਹੀ ਤਸਵੀਰ ਦੇ ਉਲਟ ਸੱਚਾਈ ਇਹ ਹੈ ਕਿ ਪੰਜਾਬ ਨਾਲੋਂ ਦਿੱਲੀ ਦੀ ਹਾਲਤ ਕਿਤੇ ਵੱਧ ਖਰਾਬ ਹੈ। ਪੰਜਾਬ ਵਿੱਚ 18,000 ਸਰਗਰਮ ਮਾਮਲੇ ਹਨ ਜਦਕਿ ਆਬਾਦੀ 2.90 ਕਰੋੜ ਹੈ ਜਦੋਂ ਕਿ 1.80 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿੱਚ 25,000 ਤੋਂ ਵੀ ਵੱਧ ਐਕਟਿਵ ਮਾਮਲੇ ਹਨ। ਹਰਿਆਣਾ ਦੀ ਆਬਾਦੀ ਵੀ ਪੰਜਾਬ ਨਾਲੋਂ ਘੱਟ ਹੈ ਪਰ ਮਾਮਲੇ ਪੰਜਾਬ ਦੇ ਬਰਾਬਰ ਹੀ ਹਨ।
ਗਰੀਬ ਵਰਗ ਦੇ ਲੋਕਾਂ ਨੂੰ ਜਾਂਚ ਕਰਵਾਉਣ ਲਈ ਸਾਹਮਣੇ ਆਉਣ ਹਿੱਤ ਹੱਲਾਸ਼ੇਰੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਲੋਕਾਂ ਨੂੰ ਖਾਣੇ ਦੇ ਮੁਫ਼ਤ ਪੈਕੇਟ ਵੰਡਣੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਇਕਾਂਤਵਾਸ ਵਿੱਚ ਹਨ ਅਤੇ ਜਿਨ੍ਹਾਂ ਕੋਲ ਇਸ ਸਥਿਤੀ ਵਿਚ ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਵਿਧਾਇਕਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖਾਣੇ ਦੇ ਪੈਕੇਟ ਲੋੜਵੰਦ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਗਰੀਬ ਲੋਕ ਇਕਾਂਤਵਾਸ ਦੌਰਾਨ ਰੋਜ਼ੀ-ਰੋਟੀ ਤੋਂ ਵਿਰਵੇ ਹੋਣ ਦੇ ਡਰ ਕਾਰਨ ਜਾਂਚ ਲਈ ਸਾਹਮਣੇ ਆਉਣ ਤੋਂ ਗੁਰੇਜ਼ ਨਾ ਕਰਨ।