Captain appeal to Akali Dal : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਦੇ ਪੰਜਾਬ ਲਈ ਲੰਮੇ ਸਮੇਂ ਦੇ ਸਿੱਟਿਆਂ ਨੂੰ ਧਿਆਨ ਵਿਚ ਰਖਦਿਆਂ ਇਨ੍ਹਾਂ ਖੇਤੀ ਆਰਡੀਨੈਂਸਾਂ ਖਿਲਾਫ ਆਵਾਜ਼ ਚੁੱਕਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ’ਤੇ ਸਿਆਸੀ ਬੰਦਿਸ਼ਾਂ ਨੂੰ ਛੱਡ ਕੇ ਆਪਣੀ ਦਿਲ ਦੀ ਆਵਾਜ਼ ਸੁਣੇ। ਇਹ ਗੱਲ ਕੈਪਟਨ ਨੇ ਕੈਪਟਨ ਨੇ ਫੇਸਬੁਕ ’ਤੇ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਮੈਂ ਸਰਬ ਪਾਰਟੀ ਬੈਠਕ ਵਿਚ ਵੀ ਅਕਾਲੀ ਦਲ ਦੇ ਨੇਤਾਵਾਂ ਨੂੰ ਇਹੀ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ ਆਰਡੀਨੈਂਸਾਂ ਦੇ ਲੰਮੇ ਸਮੇਂ ਦੇ ਨਤੀਜਿਆਂ ’ਤੇ ਧਿਆਨ ਨਹੀਂ ਦੇ ਰਹੇ ਹਨ। ਉਹ ਸਿਰਫ ਸਿਆਸੀ ਹਿੱਤਾਂ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ ’ਤੇ ਪਹਿਲ ਦੇ ਰਹੇ ਹਨ। ਇਨ੍ਹਾਂ ਆਰਡੀਨੈਂਸਾਂ ਨਾਲ ਭਵਿੱਖ ਵਿਚ ਪੰਜਾਬ ਲਈ ਬਰਬਾਦੀ ਦੇ ਸਿੱਟੇ ਸਾਹਮਣੇ ਆਉਣਗੇ।
ਕੈਪਟਨ ਨੇ ਕਿਹਾ ਕਿ 2005 ਵਿਚ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਉਨ੍ਹਾਂ ਨੇ ਆਪਣੀ ਪਾਰਟੀ ਦੇ ਹਿੱਤਾਂ ਨੂੰ ਤਿਆਗ ਕੇ ਗੁਆਂਢੀ ਸੂਬਿਆਂ ਨਾਲ ਜਲ ਸਮਝੌਤੇ ਰੱਦ ਕੀਤੇ ਸਨ। ਇਥੋਂ ਤੱਕ ਕਿ ਆਪਣੇ ਸਿਆਸੀ ਜੀਵਨ ਨੂੰ ਵੀ ਦਾਅ ’ਤੇ ਲਗਾਇਆ ਸੀ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਜਾ ਰਹੇ ਆਰਡੀਨੈਂਸ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਿਸ਼ਾਂ ’ਤੇ ਆਧਾਰਤ ਹਨ। ਕਮੇਟੀ ਨੇ ਐਮਐਸਪੀ ਨੂੰ ਕਤਮ ਕਰਨ ਅਤੇ ਐਫਸੀਆਈ ਨੂੰ ਬੰਦ ਕਰਨ ਵਰਗੀਆਂ ਸਿਫਾਰਿਸ਼ਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ ਵਿਚ ਐਮਐਸਪੀ ਵਿਵਸਥਾ ਨੂੰ ਖਤਮ ਕਰਨ ਦਾ ਐਲਾਨ ਚਾਹੇ ਨਾ ਹੋਵੇ, ਪਰ ਇਨ੍ਹਾਂ ਨਾਲ ਇਸ ਵਿਵਸਥਾ ਨੂੰ ਖਤਮ ਕਰਨ ਦਾ ਰਸਤਾ ਜ਼ਰੂਰ ਸਾਫ ਹੋ ਜਾਏਗਾ। ਇਸ ਦੌਰਾਨ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਪ੍ਰੀਖਿਆਵਾਂ ਰੱਦ ਕਰਨ ਬਾਰੇ ਪੁੱਛੇ ਗਏ ਇਕ ਸਵਾਲ ’ਤੇ ਕੈਪਟਨ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਛੇਤੀ ਹੀ ਸਿੱਖਿਆ ਵਿਭਾਗ ਨਾਲ ਵਿਚਾਰ ਕਰਨਗੇ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੋਂ ਇਸ ਸਬੰਧੀ ਹਿਦਾਇਤਾਂ ਮੰਗੀਆਂ ਜਾਣਗੀਆਂ।
ਅਗਲੇ ਦੋ-ਤਿਨ ਦਿਨ ਦਿਨਾਂ ਵਿਚ ਇਸ ਬਾਰੇ ਆਖਰੀ ਫੈਸਲਾ ਲੈ ਲਿਆ ਜਾਵੇਗਾ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਨਾਲ ਗਰਮੀ ਦੀਆਂ ਛੁੱਟੀਆਂ ਦੇਣ ਦੀ ਇਕ ਮੰਗ ’ਤੇ ਕੈਪਟਨ ਨੇ ਕਿਹਾ ਕਿ ਸਕੂਲਾਂ ਵਿਚ ਕੋਰੋਨਾ ਕਾਰਨ ਖਰਾਬ ਹੋਏ ਸਮੇਂ ਨੂੰ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਵਿਚ ਐਡਜਸਟ ਕੀਤਾ ਜਾ ਚੁੱਕਾ ਹੈ, ਹੁਣ ਹੋਰ ਛੁੱਟੀਆਂ ਨਹੀਂ ਦਿੱਤੀਆਂ ਜਾ ਸਕਦੀਆਂ।