ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਮੰਤਰੀ ਮੰਡਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਰਾਜਪਾਲ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਰੁਟੀਨ ਦੇ ਕੰਮਕਾਜ ਲਈ ਉਦੋਂ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਹੈ, ਜਦੋਂ ਤੱਕ ਕੋਈ ਬਦਲਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਆਪਣਾ ਅਸਤੀਫਾ ਸੌਂਪਣ ਦੇ ਕੁਝ ਮਿੰਟਾਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਈ। ਇਸ ਵਿੱਚ ਪੰਜਾਬ ਪਾਰਟੀ ਦੇ ਨਵੇਂ ਮੁਖੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਦੋ ਮਤੇ ਪਾਸ ਕੀਤੇ ਗਏ, ਜਿਸ ਵਿੱਚੋਂ ਇੱਕ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਦੂਜੇ ਮਤੇ ਵਿੱਚ ਪਾਰਟੀ ਹਾਈਕਮਾਨ ਨੂੰ ਆਖਰੀ ਫੈਸਲਾ ਲੈਣ ਦੇ ਅਧਿਕਾਰ ਸੌਂਪੇ ਗਏ, ਜੋ ਸਾਰੇ ਵਿਧਾਇਕਾਂ ਨੂੰ ਮਨਜ਼ੂਰ ਹੋਵੇਗਾ ਇਸ ਮੀਟਿੰਗ ਵਿੱਚ 78 ਵਿਧਾਇਕ ਸ਼ਾਮਲ ਹੋਏ।
ਇਹ ਵੀ ਪੜ੍ਹੋ : ਕੈਪਟਨ ਤੋਂ ਬਾਅਦ ਹੁਣ ਕਰੀਬੀਆਂ ਨੇ ਵੀ ਛੱਡੇ ਅਹੁਦੇ- ਸੰਦੀਪ ਸੰਧੂ ਤੇ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫਾ
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਅਤੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਸੌਂਪ ਦਿੱਤਾ। ਅਸਤੀਫਾ ਦੇਣ ਪਿੱਛੋਂ ਕੈਪਟਨ ਨੇ ਕਿਹਾ ਕਿ ਤੀਜੀ ਵਾਰ ਮੇਰੇ ਖਿਲਾਫ ਬਗਾਵਤ ਹੋਈ ਹੈ। ਮੈਂ ਇਸ ‘ਤੇ ਬਹੁਤ ਬੇਇਜ਼ਤ ਮਹਿਸੂਸ ਕਰ ਰਿਹਾ ਹਾਂ, ਜਿਸ ਕਰਕੇ ਮੈਂ ਇਹ ਫੈਸਲਾ ਲਿਆ ਹੈ ਤੇ ਆਪਣੇ ਸਮਰਥਕ ਮੰਤਰੀਆਂ ਸਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।