ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਤੇ ਕਰੀਬੀ ਵੀ ਉਨ੍ਹਾਂ ਲਈ ਆਪਣਾ ਸਮਰਥਨ ਜਾਰੀ ਰਖਦੇ ਹੋ ਕੈਪਟਨ ਦੀ ਅਗਵਾਈ ਤੋਂ ਬਗੈਰ ਕਿਸੇ ਹੋਰ ਮੁੱਖ ਮੰਤਰੀ ਅਧੀਨ ਕੰਮ ਕਰਨ ਲਈ ਤਿਆਰ ਨਹੀਂ ਹਨ। ਇਸੇ ਲੜੀ ਵਿੱਚ ਕੈਪਟਨ ਦੇ ਮੀਡੀਆ ਅਡਵਾਈਜ਼ਰ ਰਵੀਨ ਠੁਕਰਾਲ ਨੇ ਵੀ ਆਪਣੇ ਅਹੁਦੇ ਤੋਂ ਤੋਂ ਅਸਤੀਫਾ ਦੇ ਦਿੱਤਾ।
ਹਾਲਾਂਕਿ ਠੁਕਰਾਲ ਨੇ ਕਿਹਾ ਕਿ ਉਹ ਨਿੱਜੀ ਸਮਰੱਥਾ ਮੁਤਾਬਕ ਇੱਕ ਦੋਸਤ ਵਾਂਗ ਕੈਪਟਨ ਨਾਲ ਕੰਮ ਕਰਨਾ ਜਾਰੀ ਰੱਖਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਸੰਦੀਪ ਸੰਧੂ, ਜੋਕਿ ਕੈਪਟਨ ਦੇ ਸਿਆਸੀ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਮੁੱਖ ਮੰਤਰੀ ਪੰਜਾਬ ਦੇ ਬੇਹੱਦ ਕਰੀਬੀਆਂ ਵਿੱਚੋਂ ਮੰਨੇ ਜਾਂਦੇ ਹਨ ਅਤੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣਾ ਚਾਰਜ ਛੱਡ ਦਿੱਤਾ ਹੈ। ਸੁਰੇਸ਼ ਕੁਮਾਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਵਿਸਵਾਸ਼ ਪਾਤਰ ਅਫਸਰ ਹਨ। ਇਸ ਤੋਂ ਪਹਿਲਾਂ ਵੀ ਸੁਰੇਸ਼ ਕੁਮਾਰ ਅਹੁਦੇ ਤੋਂ ਅਸਤੀਫੇ ਦੇ ਚੁੱਕੇ ਸਨ ਪਰ ਕੈਪਟਨ ਨੇ ਉਨ੍ਹਾਂ ਦਾ ਅਸਤੀਫਾ ਨਾਮਨਜੂਰ ਕਰ ਦਿੱਤਾ ਸੀ।
ਕੈਪਟਨ ਨੇ ਮੀਡੀਆ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਖੁਦ ਆਪਣੇ ਸਮਰਥਕ ਵਿਧਾਇਕਾਂ ਨੂੰ ਸੀਐਲਪੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵਿਧਾਇਕਾਂ ਦੀ ਮੌਜੂਦਗੀ ਦਾ ਮਤਲਬ ਇਹ ਨਹੀਂ ਕਿ ਉਹ ਸਿੱਧੂ ਦਾ ਸਮਰਥਨ ਕਰ ਰਹੇ ਸਨ।
ਇਹ ਵੀ ਪੜ੍ਹੋ : ਕੈਪਟਨ ਦਾ ਫੁੱਟਿਆ ਗੁੱਸਾ- ਸਿੱਧੂ ਨੂੰ ਦੱਸਿਆ ਦੇਸ਼ ਦੀ ਸੁਰੱਖਿਆ ਲਈ ਖਤਰਾ, ਕਿਹਾ- CM ਬਣਾਉਣ ‘ਤੇ ਕਰਾਂਗਾ ਵਿਰੋਧ
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਅਤੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਸੌਂਪ ਦਿੱਤਾ। ਅਸਤੀਫਾ ਦੇਣ ਪਿੱਛੋਂ ਕੈਪਟਨ ਨੇ ਕਿਹਾ ਕਿ ਤੀਜੀ ਵਾਰ ਮੇਰੇ ਖਿਲਾਫ ਬਗਾਵਤ ਹੋਈ ਹੈ। ਮੈਂ ਇਸ ‘ਤੇ ਬਹੁਤ ਬੇਇਜ਼ਤ ਮਹਿਸੂਸ ਕਰ ਰਿਹਾ ਹਾਂ, ਜਿਸ ਕਰਕੇ ਮੈਂ ਇਹ ਫੈਸਲਾ ਲਿਆ ਹੈ ਤੇ ਆਪਣੇ ਸਮਰਥਕ ਮੰਤਰੀਆਂ ਸਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।