ਲੁਧਿਆਣਾ ਜ਼ਿਲ੍ਹੇ ਦੇ 26 ਪਿੰਡਾਂ ਵਿੱਚ ਲਗਾਈਆਂ ਜਾਣ ਵਾਲੀਆਂ 65 ਲੱਖ ਸੋਲਰ ਲਾਈਟਾਂ ਵਿੱਚ ਹੇਰਾਫੇਰੀ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਦੀ ਮੁਸੀਬਤ ਵਧ ਗਈ ਹੈ। ਵਿਜੀਲੈਂਸ ਨੇ ਦੋ ਦਿਨ ਪਹਿਲਾਂ ਕੈਪਟਨ ਸੰਦੀਪ ਸੰਧੂ ਦੀ ਮੋਹਾਲੀ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਸੀ। ਹੁਣ ਲੁਧਿਆਣਾ ਦੀ ਅਦਾਲਤ ਵੱਲੋਂ ਵੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਖਦਸ਼ਾ ਹੈ ਕਿ ਸ਼ਾਇਦ ਅੱਜ ਸੰਧੂ ਖੁਦ ਵਿਜੀਲੈਂਸ ਨੂੰ ਗ੍ਰਿਫਤਾਰੀ ਦੇ ਸਕਦੇ ਹਨ।
ਮੰਗਲਵਾਰ ਨੂੰ ਅਦਾਲਤ ਵਿੱਚ ਦੋਵਾਂ ਧਿਰਾਂ ਦੀ ਬਹਿਸ ਹੋਈ, ਜਿਸ ਤੋਂ ਬਾਅਦ ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਨੇ ਕੈਪਟਨ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕੈਪਟਨ ਸੰਧੂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕਰਨੀ ਜ਼ਰੂਰੀ ਹੈ। ਵਿਜੀਲੈਂਸ ਵੱਲੋਂ ਪਿਛਲੇ ਹਫ਼ਤੇ ਇਸ ਘਪਲੇ ਵਿੱਚ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੈਪਟਨ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਸਤਵਿੰਦਰ ਸਿੰਘ ਕੰਗ ਬੀ.ਡੀ.ਪੀ.ਓ ਸਿੱਧਵਾਂ ਬੇਟ ਬਲਾਕ ਲੁਧਿਆਣਾ, ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸਮਿਤੀ ਸਿੱਧਵਾਂ ਬੇਟ ਅਤੇ ਵੀ.ਡੀ.ਓ (ਪਿੰਡ ਵਿਕਾਸ ਅਫਸਰ) ਤੇਜਾ ਸਿੰਘ ਸਿੱਧਵਾਂ ਬੇਟ ਤੋਂ ਪੁੱਛਗਿੱਛ ਵਿੱਚ ਹਰਪ੍ਰੀਤ ਸਿੰਘ ਦਾ ਨਾਮ ਪੁੱਛਗਿੱਛ ਸਾਹਮਣੇ ਆਇਆ ਸੀ। ਜਦੋਂ ਹਰਪ੍ਰੀਤ ਸਿੰਘ ਨੂੰ ਫੜ ਕੇ ਪੁੱਛਗਿੱਛ ਕੀਤੀ ਗਈ ਤਾਂ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ।
ਸੰਧੂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਚੈੱਕ ਪਾਸ ਕਰਵਾਉਣ ਲਈ ਦਬਾਅ ਪਾਇਆ ਅਤੇ ਪੈਸੇ ਲੈ ਲਏ ਸਨ। ਇਸ ਲਈ ਹੁਣ ਕੈਪਟਨ ਸੰਧੂ ਨੇ ਓਐਸਡੀ ਹੁੰਦਿਆਂ ਕਿੱਥੇ ਜਾਇਦਾਦ ਬਣਾਈ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਹੁੰਦਿਆਂ ਕਿੱਥੇ ਨਿਵੇਸ਼ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦੇ ਸਾਰੇ ਵੇਰਵੇ ਵੀ ਮੰਗੇ ਗਏ ਹਨ। ਉਨ੍ਹਾਂ ਦੀ ਜਾਇਦਾਦ ਦੇ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ ਕਿ ਇਹ ਕਦੋਂ ਅਤੇ ਕਿਵੇਂ ਬਣਾਈ ਗਈ?
ਇਹ ਵੀ ਪੜ੍ਹੋ : ਲੁਧਿਆਣਾ : ਸਟੰਟ ਦੇ ਚੱਕਰ ‘ਚ ਗਈ ਜਾਨ, ਰੀਲ ਬਣਾਉਂਦਿਆਂ ਰੇਲ ਗੱਡੀ ‘ਚ ਵਾਪਰਿਆ ਹਾਦਸਾ
ਸੋਲਰ ਲਾਈਟ ਕੰਪਨੀ ਮਾਲਕ ਗੌਰਵ ਸ਼ਰਮਾ ਨਾਲ ਲਾਈਟਾਂ ਦੀ ਡੀਲ ਕੀਤੀ ਗਈ ਸੀ। ਉਸ ਨੂੰ ਪੈਸੇ ਦਿੱਤੇ ਗਏ, ਪਰ ਉਸ ਵੱਲੋਂ ਲਾਈਟਸ ਨਹੀਂ ਭੇਜੀਆਂ ਗਈਆਂ। ਅਜਿਹੇ ਵਿੱਚ ਕਿੰਨੀ ਵਾਰ OSD ਦੀ ਉਸ ਨਾਲ ਗੱਲਬਾਤ ਹੋਈ, ਇਹ ਜਾਂਚ ਦਾ ਵਿਸ਼ਾ ਹੈ। ਗੌਰਵ ਮਾਮਲੇ ਦੀ ਸਭ ਤੋਂ ਅਹਿਮ ਕੜੀ ਹੈ। ਇਸ ਲਈ ਵਿਜੀਲੈਂਸ ਉਸ ਦੀ ਗ੍ਰਿਫਤਾਰੀ ਦੇ ਪਿੱਛੇ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਗੌਰਵ ਨੂੰ ਦਬੋਚਨ ਲਈ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: