Case registered against 25 : ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਜਲੰਧਰ ਤੋਂ ਪਠਾਨਕੋਟ ਜਾਂਦੇ ਹੋਏ ਚੋਲਾਂਗ ਪਲਾਜ਼ਾ ‘ਤੇ ਹਮਲੇ ਦੇ ਮਾਮਲੇ ਵਿੱਚ ਟਾਂਡਾ ਦੇ 25 ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਉਥੇ ਹੀ ਇਸ ਹਮਲੇ ਦੀ ਵਿਰੋਧ ਵਿੱਚ ਰਾਜ ਭਰ ਅੰਦਰ ਡੀ.ਸੀ. ਦਫ਼ਤਰਾਂ ਸਾਹਮਣੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਬੀਤੇ ਦਿਨ ਧਰਨੇ ਦਿੱਤੇ ਗਏ।
ਪਾਰਟੀ ਵੱਲੋਂ ਦੋ ਘੰਟੇ ਲਈ ਦਿੱਤੇ ਇਸ ਪ੍ਰੋਗਰਾਮ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ, ਸਾਬਕਾ ਮੰਤਰੀਆਂ, ਵਿਧਾਇਕਾਂ, ਸਾਬਕਾ ਵਿਧਾਇਕਾਂ, ਸਾਬਕਾ ਸੂਬਾ ਪ੍ਰਧਾਨਾਂ ਅਤੇ ਜ਼ਿਲ੍ਹਾ ਪ੍ਰਧਾਨਾ ਦੀ ਅਗਵਾਈ ਵਿੱਚ ਧਰਨੇ ਦਿੰਦੇ ਹੋਏ ਮੰਗ ਕੀਤੀ ਗਈ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਅਸ਼ਵਨੀ ਸ਼ਰਮਾ ’ਤੇ ਹਮਲਾ ਕਾਂਗਰਸ ਅਤੇ ਯੂਥ ਕਾਂਗਰਸ ਦੀ ਸਾਜ਼ਿਸ਼ ਹੈ।
ਦੱਸਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜਲੰਧਰ ਵਿਖੇ ਇੱਕ ਮੀਟਿੰਗ ‘ਚ ਸ਼ਾਮਲ ਹੋਣ ਲਈ ਆਏ ਸਨ ਜਿਥੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤੇ ਇਸ ਦਰਮਿਆਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜੱਪ ਹੋ ਗਈ ਜਿਸ ਨੂੰ ਕਾਫੀ ਦੇਰ ਦੇ ਹੰਗਾਮੇ ਤੋਂ ਬਾਅਦ ਸ਼ਾਂਤ ਕੀਤਾ ਗਿਆ ਪਰ ਜਦੋਂ ਅਸ਼ਵਨੀ ਸ਼ਰਮਾ ਵਾਪਸ ਜਾਣ ਲੱਗੇ ਤਾਂ ਰਸਤੇ ‘ਚ ਜਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਲਾਂਗ ਟੋਲ ਪਲਾਜਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਘੇਰ ਲਿਆ ਤੇ ਅਸ਼ਵਨੀ ਸ਼ਰਮਾ ‘ਤੇ ਕਿਸਾਨਾਂ ਹਮਲਾ ਵੀ ਕੀਤਾ ਗਿਆ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਹੋਏ ਹਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਦੋਸ਼ੀਆਂ ਦੀ ਪਛਾਣ ਕਰਕੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ।