ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਟਿਕਾਣਿਆਂ ‘ਤੇ ਸੀਬੀਆਈ ਨੇ ਛਾਪਾ ਮਾਰਿਆ ਹੈ। ਇਹ ਰੇਡ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਮਾਰੀ ਗਈ ਹੈ। ਦੱਸ ਦੇਈਏ ਕਿ ਗੱਜਣਮਾਜਰਾ ਪੰਜਾਬ ਦੇ ਅਮਰਗੜ੍ਹ ਹਲਕੇ ਤੋਂ ‘ਆਪ’ ਵਿਧਾਇਕ ਹਨ।
ਉਨ੍ਹਾਂ ਦੀ ਰਿਹਾਇਸ਼ ਸਣੇ ਸੰਗਰੂਰ ਵਿੱਚ ਤਿੰਨ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅਮਰਗੜ੍ਹ ਦੇ ਵਿਧਾਇਕ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਸੰਗਰੂਰ ਜ਼ਿਲ੍ਹੇ ਦੇ ਮਾਲੇਰਕੋਟਲਾ ਇਲਾਕੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਦਾ ਜੱਦੀ ਘਰ ਹੈ।
ਦੱਸਣਯੋਗ ਹੈ ਕਿ ਆਪ ਵਿਧਾਇਕ ਗੱਜਣ ਮਾਜਰਾ ਉਦੋਂ ਚਰਚਾ ਵਿੱਚ ਆਏ ਸਨ, ਜਦੋਂ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਸਿਰਫ਼ ਇੱਕ ਰੁਪਿਆ ਤਨਖਾਹ ਲੈਣਗੇ ਕਿਉਂਕਿ ਪੰਜਾਬ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ।
ਸੀ.ਬੀ.ਆਈ. ਵੱਲੋਂ ਜਾਰੀ ਕੀਤੇ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੀ.ਬੀ.ਆਈ. ਨੇ ਅੱਜ ਇੱਕ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਨਿੱਜੀ ਫਰਮਾਂ, ਡਾਇਰੈਕਟਰਾਂ/ਗਾਰੰਟਰਾਂ ਸਣੇ ਮੁਲਜ਼ਮਾਂ ਦੇ ਟਿਕਾਣਿਆਂ ‘ਤੇ ਮਾਲੇਰਕੋਟਲਾ ਸਣੇ ਤਿੰਨ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਤਲਾਸ਼ੀ ਦੌਰਾਨ ਲਗਭਗ 16.57 ਲੱਖ ਰੁਪਏ (ਲਗਭਗ), 88 ਵਿਦੇਸ਼ੀ ਕਰੰਸੀ ਨੋਟ, ਕੁਝ ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤੇ ਅਤੇ ਹੋਰ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਗਏ।
ਸੀਬੀਆਈ ਨੇ ਮੀਡੀਆ ਰਿਲੀਜ਼ ਵਿੱਚ ਦੱਸਿਆ ਕਿ ਇਹ ਕੇਸ ਮਾਲੇਰਕੋਟਲਾ ਦੇ ਗੌਂਸਪੁਰਾ ਸਥਿਤ ਇੱਕ ਪ੍ਰਾਈਵੇਟ ਫਰਮ ਦੇ ਖਿਲਾਫ ਬੈਂਕ ਆਫ ਇੰਡੀਆ, ਲੁਧਿਆਣਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ। ਇਸ ਨੇ ਫਰਮ ਦੇ ਤਤਕਾਲੀ ਨਿਰਦੇਸ਼ਕ, ਇੱਕ ਪ੍ਰਾਈਵੇਟ ਕੰਪਨੀ ਦੇ ਗਾਰੰਟਰ, ਇੱਕ ਹੋਰ ਪ੍ਰਾਈਵੇਟ ਫਰਮ, ਅਤੇ “ਅਣਜਾਣ ਜਨਤਕ ਸੇਵਕ/ ਪ੍ਰਾਈਵੇਟ ਵਿਅਕਤੀ” ਸਣੇ ਕਈ ਵਿਅਕਤੀਆਂ ਦੇ ਨਾਮ ਵੀ ਰੱਖੇ ਹਨ।
ਵੀਡੀਓ ਲਈ ਕਲਿੱਕ ਕਰੋ -: