ਦਿੱਲੀ ਦੀ ਸ਼ਰਾਬ ਨੀਤੀ ਵਿਚ ਗੜਬੜੀ ਦੀ ਜਾਂਚ ਕਰ ਰਹੀ ਸੀਬੀਆਈ ਨੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ। ਪੰਜਾਬ ਨੈਸ਼ਨਲ ਬੈਂਕ ਵਿਚ 45 ਮਿੰਟ ਤੱਕ ਸਿਸੋਦੀਆ ਦੇ ਲਾਕਰ ਖੰਗਾਲੇ। ਇਸ ਦੌਰਾਨ ਮਨੀਸ਼ ਸਿਸੋਦੀਆ ਤੇ ਉੁਨ੍ਹਾਂ ਦੀ ਪਤਨੀ ਮੌਜੂਦ ਸਨ। ਜਾਂਚ ਦੌਰਾਨ ਬੈਂਕ ਦੇ ਗੇਟ ਬੰਦ ਰਹੇ ਤੇ ਕਿਸੇ ਨੂੰ ਐਂਟਰੀ ਨਹੀਂ ਦਿੱਤੀ ਗਈ।
ਜਾਂਚ ਦੇ ਬਾਅਦ ਸਿਸੋਦੀਆ ਨੇ ਕਿਹਾ ਕਿ ਸਾਡੇ ਲਾਕਰ ਤੋਂ ਸੀਬੀਆਈ ਨੂੰ ਕੁਝ ਨਹੀਂ ਮਿਲਿਆ। ਇਹ ਸੱਚਾਈ ਦੀ ਜਿੱਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੇਰੇ ਲਾਕਰ ਦੀ ਜਾਂਚ ਕਰਾਈ। ਮੈਨੂੰ 2-3 ਮਹੀਨੇ ਤੋਂ ਜੇਲ੍ਹ ਭੇਜਣ ਦੀ ਸਾਜਿਸ਼ ਹੋ ਰਹੀ ਹੈ।
ਇਕ ਪਾਸੇ ਸਿਸੋਦੀਆ ਆਪਣੇ ਉਪਰ ਹੋ ਰਹੀ ਕਾਰਵਾਈ ਦੇ ਪਿੱਛੇ ਭਾਜਪਾ ਦਾ ਹੱਥ ਦੱਸ ਰਹੇ ਹਨ ਦੂਜੇ ਪਾਸੇ ਭਾਜਪਾ ਨੇ ਦਿੱਲੀ ਸਰਕਾਰ ‘ਤੇ ਸ਼ਰਾਬ ਘਪਲੇ ਦੇ ਬਾਅਦ ਸਿੱਖਿਆ ਘਪਲੇ ਦਾ ਦੋਸ਼ ਲਗਾਇਆ ਹੈ। ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਚ ਸਿੱਖਿਆ ਤੇ ਸ਼ਰਾਬ ਘਪਲਾ ਭ੍ਰਿਸ਼ਟਾਚਾਰ ਦੇ ਟਵਿਨ ਟਾਵਰ ਹਨ। ਦਿੱਲੀ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਕੇਜਰੀਵਾਲ ਘਪਲਿਆਂ ਵਿਚ ਸ਼ਾਮਲ ਮੰਤਰੀਆਂ ਤੋਂ ਕਦੋਂ ਅਸਤੀਫਾ ਮੰਗਣਗੇ।
ਦੱਸ ਦੇਈਏ ਕਿ ਦਿੱਲੀ ਦੇ ਡਿਪਟੀ ਸੀਐੱਮ ਸਿਸੋਦੀਆ ਉਨ੍ਹਾਂ 15 ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਦਿੱਲੀ ਆਬਕਾਰੀ ਨੀਤੀ ਵਿਚ ਹੋਈਆਂ ਬੇਨਿਯਮੀਆਂ ਦੇ ਦੋਸ਼ ਵਿਚ ਸੀਬੀਆਈ ਨੇ ਐੱਫਆਈਆਰ ਵਿਚ ਸ਼ਾਮਲ ਕੀਤਾ ਹੈ। 19 ਅਗਸਤ ਨੂੰ ਸਿਸੋਦੀਆ ਦੀ ਰਿਹਾਇਸ਼ ਸਣੇ 31 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: