ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਮਾਮਲੇ ਸੀ.ਐੱਮ. ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਬੋਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਫ਼ ਹੈ ਕਿ ਚੰਨੀ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਨਾਕਾਬੰਦੀ ਦੀ ਵਿਉਂਤਬੰਦੀ ਕੀਤੀ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਗੰਭੀਰ ਕੁਤਾਹੀ ਹੋਈ।

ਕੈਪਟਨ ਨੇ ਕਿਹਾ ਕਿ ਉਹ ਪਹਿਲਾਂ ਉਸ ਹੀ ਪੁਲ ਤੋਂ ਲੰਘ ਚੁੱਕੇ ਸਨ, ਜਿੱਥੇ ਬਾਅਦ ਵਿੱਚ ਪ੍ਰਧਾਨ ਮੰਤਰੀ ਲੰਮੇ ਸਮੇਂ ਲਈ ਫਸੇ ਰਹੇ ਸਨ ਅਤੇ ਉੱਥੇ ਪਹਿਲੇ ਕੋਈ ਨਾਕਾਬੰਦੀ ਨਹੀਂ ਸੀ। ਇਹ ਸਪੱਸ਼ਟ ਹੈ ਕਿ ਚੰਨੀ ਸਰਕਾਰ ਨੇ ਪੁਲਿਸ ਨੂੰ ਕਿਸਾਨਾਂ ਨੂੰ ਨਾ ਹਟਾਏ ਜਾਣ ਦੀ ਹਿਦਾਇਤ ਦਿੱਤੀ ਸੀ, ਜੋ ਭਾਜਪਾ ਦੀਆਂ ਬੱਸਾਂ ਨੂੰ ਮੌਕੇ ‘ਤੇ ਪਹੁੰਚਣ ਤੋਂ ਰੋਕ ਰਹੇ ਸਨ। ਕੌਮਾਂਤਰੀ ਸਰਹੱਦ ਦੇ ਨੇੜੇ ਹੋਣ ਕਰਕੇ ਪ੍ਰਧਾਨ ਮੰਤਰੀ ਦੀ ਜਾਨ ਲਈ ਖ਼ਤਰਾ ਵੀ ਬਣ ਸਕਦਾ ਸੀ।
ਕੈਪਟਨ ਨੇ ਕਿਹਾ ਕਿ ਹਾਲ ਹੀ ਵਿੱਚ ਈਡੀ ਦੇ ਛਾਪਿਆਂ ਵਿੱਚ ਮੁੱਖ ਮੰਤਰੀ ਦੇ ਰਿਸ਼ਤੇਦਾਰ ਤੋਂ ਮਿਲੇ ਕਰੋੜਾਂ ਰੁਪਏ ਦੇ ਖੁਲਾਸੇ ਤੋਂ ਬਾਅਦ ਮੌਜੂਦਾ ਸਰਕਾਰ ‘ਸੂਟਕੇਸ ਦੀ ਸਰਕਾਰ’ ਵਜੋਂ ਬੇਨਕਾਬ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

ਇੱਕ ਸੋਸ਼ਲ ਮੀਡੀਆ ਗੱਲਬਾਤ ਵਿੱਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਦੇ ਰਿਸ਼ਤੇਦਾਰਾਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਉਸ ਕੇਸ ਦੀ ਫਾਲੋ-ਅਪ ਸੀ, ਜੋ ਏਜੰਸੀ ਨੇ ਉਨ੍ਹਾਂ ਦੀ ਸਰਕਾਰ ਵੇਲੇ ਦਰਜ ਕੀਤਾ ਸੀ, ਜਿਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ।
ਸੀ.ਐੱਮ. ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕੈਪਟਨ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਤਾਇਨਾਤੀਆਂ ਅਤੇ ਤਬਾਦਲਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਡੀਜੀਪੀ ਬਦਲੇ ਗਏ ਹਨ, ਉਨ੍ਹਾਂ ਦੇ ਗ੍ਰਹਿ ਮੰਤਰੀ ‘ਤੇ ਉਨ੍ਹਾਂ ਦੇ ਸਹਿਯੋਗੀ ਨੇ ਕੈਬਨਿਟ ਮੀਟਿੰਗ ਵਿੱਚ ਖੁੱਲ੍ਹੇਆਮ ਇਲਜ਼ਾਮ ਲਗਾਇਆ ਹੈ ਕਿ ਐਸਐਸਪੀ ਦੀ ਪੋਸਟਿੰਗ ਲਈ ਪੈਸੇ ਲਏ ਜਾ ਰਹੇ ਹਨ, ਏਜੀ ਦੀ ਪੋਸਟ ਨੂੰ ਲੈ ਕੇ ਰੱਸਾਕਸ਼ੀ ਹੋਈ ਹੈ ਇਹ ‘ਲੋਕਾਂ ਦੀ ਸਰਕਾਰ’ ਨਹੀਂ, ਸਗੋਂ ‘ਤਬਾਦਲੇ ਅਤੇ ਤਾਇਨਾਤੀ ਦੀ ਸਰਕਾਰ’ ਹੈ, ਜੋ ‘ਸੂਟਕੇਸ ਦੀ ਸਰਕਾਰ’ ਵੀ ਬਣ ਗਈ ਹੈ।