ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹਰ ਦਿਨ ਨਵੇਂ ਐਲਾਨ ਹੋ ਰਹੇ ਹਨ। ਅੱਜ ਫਿਰ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ। ਹੁਣ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸੇਵਾ ਕਾਲ ਵਿੱਚ ਵਾਧਾ ਨਹੀਂ ਮਿਲੇਗਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 58 ਸਾਲ ਪਿੱਛੋਂ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਨੂੰ ਸੇਵਾ ਕਾਲ ਵਿਚ ਹੋਰ ਵਾਧਾ ਨਹੀਂ ਦਿੱਤਾ ਜਾਵੇਗਾ, ਤੋਂ ਜੋ ਨੌਜਵਾਨਾਂ ਨੂੰ ਮੌਕਾ ਮਿਲ ਸਕੇ।
ਇਸਦੇ ਲਈ ਇੱਕ ਸਪੱਸ਼ਟ ਕਾਨੂੰਨ ਹੈ, ਜਿਨ੍ਹਾਂ ਦੀ ਉਮਰ 58 ਸਾਲ ਦੀ ਹੋ ਚੁੱਕੀ ਹੈ ਉਨ੍ਹਾਂ ਨੂੰ ਛੁੱਟੀ ‘ਤੇ ਜਾਣਾ ਚਾਹੀਦਾ ਹੈ। ਨਵੇਂ ਨੌਜਵਾਨਾਂ ਦੀ ਭਰਤੀ ਕੀਤੀ ਜਾਵੇ। ਇਸਦੇ ਲਈ ਇਹ ਫੈਸਲਾ ਕੀਤਾ ਗਿਆ ਹੈ ਅਤੇ ਇਸ ਵਿੱਚ ਕਿਸੇ ਨੂੰ ਵੀ ਰਾਹਤ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਇਸ ਦੌਰਾਨ ਚੰਨੀ ਨੇ ਸਿੱਧੂ ਦੇ ਟਵੀਟ ‘ਤੇ ਕਿਹਾ ਕਿ ਡੀ. ਜੀ. ਪੀ. ਦੀ ਨਿਯੁਕਤੀ ਹੋਣੀ ਹੈ। ਇਸ ਲਈ ਇੱਕ ਸਿੱਧਾ ਜਿਹਾ ਕਾਨੂੰਨ ਹੈ ਅਤੇ ਮੈਂ ਇਸ ਬਾਰੇ ਸਿੱਧੂ ਸਾਹਿਬ ਨਾਲ ਗੱਲ ਕੀਤੀ ਹੈ। ਉਨ੍ਹਾਂ ਨੂੰ ਪਤਾ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਦੇ ਨਾਂ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ, ਜਿਨ੍ਹਾਂ ਦੀ ਸੇਵਾ ਨੂੰ ਤੀਹ ਸਾਲ ਪੂਰੇ ਹੋ ਚੁੱਕੇ ਹਨ। ਤਿੰਨ ਨਾਂ ਦਾ ਪੈਨਲ ਕੇਂਦਰ ਸਰਕਾਰ ਨੇ ਸਾਨੂੰ ਭੇਜਣਾ ਹੈ। ਉਨ੍ਹਾਂ ਨਾਵਾਂ ਨੂੰ ਲੈ ਕੇ ਸਿੱਧੂ ਸਾਹਿਬ ਨਾਲ ਵੀ ਅਤੇ ਵਿਧਾਇਕਾਂ-ਮੰਤਰੀਆਂ ਨਾਲ ਗੱਲਬਾਤ ਕਰਕੇ ਡੀ. ਜੀ. ਪੀ. ਲਗਾਇਆ ਜਾਏਗਾ। ਡੀ. ਜੀ. ਪੀ. ਉਦੋਂ ਹੀ ਲੱਗੇਗਾ, ਜਦੋਂ ਕੇਂਦਰ ਦਾ ਪੈਨਲ ਆਏਗਾ।