ਲੁਧਿਆਣਾ ਗੈਸ ਕਾਂਡ ਵਿੱਚ ਦੋਸ਼ਾਂ ਵਿੱਚ ਘਿਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਵੱਖ-ਵੱਖ ਯੂਨੀਵਰਸਿਟੀਆਂ ਦੇ ਕੈਮਿਸਟਰੀ ਦੇ ਪ੍ਰੋਫੈਸਰਾਂ ਦੀ ਕਮੇਟੀ ਬਣਾਈ ਜਾਵੇਗੀ, ਜੋ ਸਮੇਂ ਸਿਰ ਜਾਂਚ ਕਰਕੇ ਆਪਣੀ ਰਿਪੋਰਟ ਦੇਵੇਗੀ। ਇਸ ਸਬੰਧੀ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨਾਲ ਵੀ ਸੰਪਰਕ ਕੀਤਾ ਗਿਆ ਹੈ। ਟੀਮ ਦੇ ਮੈਂਬਰ ਨੇੜਲੇ ਉਦਯੋਗਿਕ ਇਕਾਈਆਂ ਅਤੇ ਸੀਵਰੇਜ ਲਾਈਨਾਂ ਤੋਂ ਵੀ ਸੈਂਪਲ ਲੈਣਗੇ। ਪੀਪੀਸੀਬੀ ਜਾਂਚ ਦਾ ਸਾਰਾ ਖਰਚਾ ਚੁੱਕੇਗਾ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਸੀਵਰੇਜ ਲਾਈਨ ਵਿੱਚ ਪਾਏ ਜਾ ਰਹੇ ਸਨਅਤੀ ਕੈਮੀਕਲ ਕਾਰਨ ਪੈਦਾ ਹੋਈ ਗੈਸ ਦੀ ਲਪੇਟ ਵਿੱਚ ਆਉਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਦੋਸ਼ ਲਾਇਆ ਜਾ ਰਿਹਾ ਹੈ ਕਿ ਜੇ ਪੀਪੀਸੀਬੀ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ।
ਪੀਪੀਸੀਬੀ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਨੇ ਦੱਸਿਆ ਕਿ 15 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ, ਜੋ ਮੌਕੇ ਤੋਂ 200 ਮੀਟਰ ਦੇ ਦਾਇਰੇ ਵਿੱਚ ਪੈਂਦੇ 100 ਤੋਂ ਵੱਧ ਉਦਯੋਗਾਂ ਤੋਂ ਸੈਂਪਲ ਲੈਣਗੀਆਂ। ਚੇਅਰਮੈਨ ਨੇ ਕਿਹਾ ਕਿ ਜਾਂਚ ਵਿੱਚ ਦੇਖਿਆ ਜਾਵੇਗਾ ਕਿ ਉਦਯੋਗਾਂ ਵੱਲੋਂ ਟਰੀਟਮੈਂਟ ਕਰਕੇ ਕੈਮੀਕਲ ਵਾਲਾ ਪਾਣੀ ਛੱਡਿਆ ਜਾ ਰਿਹਾ ਹੈ ਜਾਂ ਨਹੀਂ।
ਜਲਦੀ ਹੀ ਜਾਂਚ ਪੂਰੀ ਕਰ ਕੇ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਇਸ ਗੱਲ ਦਾ ਪਤਾ ਲਾਇਆ ਜਾਵੇਗਾ ਕਿ ਜ਼ਹਿਰੀਲੀ ਗੈਸ ਲੀਕ ਹੋਣ ਦਾ ਕਾਰਨ ਕੀ ਸੀ। ਉਨ੍ਹਾਂ ਪੀਪੀਸੀਬੀ ’ਤੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਦਯੋਗਾਂ ਵੱਲੋਂ ਕੈਮੀਕਲ ਵਾਲਾ ਪਾਣੀ ਸੀਵਰੇਜ ਲਾਈਨ ਵਿੱਚ ਨਹੀਂ ਪਾਇਆ ਜਾ ਰਿਹਾ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਦੀ ਨਿਰਪੱਖ ਜਾਂਚ ਕਰਵਾਉਣੀ ਜ਼ਰੂਰੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ : ਗਮਾਡਾ ਜ਼ਮੀਨ ਐਕਵਾਇਰ ਘਪਲੇ ‘ਚ 7 ਗ੍ਰਿਫ਼ਤਾਰ, ਅਫ਼ਸਰਾਂ ਨੇ ਸਰਕਾਰ ਨਾਲ ਮਾਰੀ ਸੀ ਕਰੋੜਾਂ ਦੀ ਠੱਗੀ
ਲੁਧਿਆਣਾ ਗੈਸ ਲੀਕ ਮਾਮਲੇ ‘ਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਮੈਂਬਰ ਮੰਗਲਵਾਰ ਨੂੰ ਮੌਕੇ ‘ਤੇ ਪਹੁੰਚੇ। ਡੀਸੀਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਏਡੀਸੀਪੀ ਵੈਭਵ ਸਹਿਗਲ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਦੋਵੇਂ ਅਧਿਕਾਰੀ ਫੈਕਟਰੀਆਂ ਵਿੱਚ ਗਏ, ਜਾਂਚ ਕੀਤੀ ਅਤੇ ਮਾਲਕਾਂ ਤੋਂ ਪੁੱਛਗਿੱਛ ਕੀਤੀ।
ਵੀਡੀਓ ਲਈ ਕਲਿੱਕ ਕਰੋ -: